ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਿਸ਼ੇਸ਼ ਸਮਾਗਮ ਹੋਏ। ਅੱਜ ਸਵੇਰੇ ਪਿਛਲੇ ਦਿਨੀਂ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਇਸ ਉਪਰੰਤ ਵਿਸ਼ਾਲ ਗੁਰਮਤਿ ਦੀਵਾਨ ਸਜਾਇਆ ਗਿਆ, ਜਿਸ ਵਿਚ ਕੌਮ ਦੇ ਨਾਮਵਰ ਰਾਗੀ ਢਾਡੀ ਅਤੇ ਕਵੀਸ਼ਰੀ ਜਥੇ ਨੇ ਹਾਜ਼ਰ ਸੰਗਤਾਂ ਨਾਲ ਸਿੱਖ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਸ਼ਰਧਾਲੂ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਨਤਮਸਤਕ ਹੋ ਕੇ ਬਾਬਾ ਦੀਪ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਸਮੇਤ ਵੱਡੀ ਗਿਣਤੀ ‘ਚ ਧਾਰਮਿਕ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਭਾਰੀ ਇਕੱਠ ਹਾਜ਼ਰ ਹੈ। ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਾਂ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ। ਸੰਗਤਾਂ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਸਜਾ ਕੇ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵਰਤਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।