Shiv Sena ਦੇ ਨਾਮ ਤੇ ਕੁੜੀਆਂ ਪਾਸੋਂ ਵੀਡੀਓ ਕਾਲ ਕਰਵਾ ਕੇ Honey Trap ਲਾਉਣ ਵਾਲਾ ਕਾਬੂ
ਪੰਜ਼ਾਬ ਭਰ ਵਿੱਚ ਚਲਾਉਂਦਾ ਸੀ ਕਾਰੋਬਾਰ
Amritsar:- ਮਕਬੂਲਪੁਰਾ ਥਾਣੇ ਦੀ ਪੁਲਿਸ ਨੇ ਇੱਕ ਸਰਗਰਮ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਔਰਤਾਂ ਰਾਹੀਂ ਪੂੰਜੀਪਤੀਆਂ ਨੂੰ ਝੂਠੇ ਦੋਸ਼ਾਂ ਵਿੱਚ ਫਸਾ ਕੇ ਬਲੈਕਮੇਲ ਕਰਦਾ ਸੀ ਅਤੇ ਉਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਪੈਸੇ ਵਸੂਲਦਾ ਸੀ। ਇਸ ਗਿਰੋਹ ਦੇ ਦੋ ਮੁੱਖ ਦੋਸ਼ੀਆਂ ਵਰੁਣ ਕਪੂਰ ਪੁੱਤਰ ਸ਼ਤੀਸ਼ ਕਪੂਰ, ਵਾਸੀ ਗਲੀ ਡਾਇਮੰਡ ਵੂਲਨ ਮਿੱਲ, ਛੇਹਰਟਾ, ਅੰਮ੍ਰਿਤਸਰ, ਅਨਿਲ ਸਿੰਘ ਉਰਫ਼ ਅਮਰਿੰਦਰ ਸਿੰਘ ਪੁੱਤਰ ਅਜਾਇਬ ਸਿੰਘ, ਵਾਸੀ ਗਲੀ ਨੰਬਰ 6-ਏ, ਜੁਝਾਰ ਸਿੰਘ ਐਵੇਨਿਊ, ਅਜਨਾਲਾ ਰੋਡ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਇਸ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਚਾਰ ਔਰਤਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਗਿਰੋਹ ਦੇ ਦੋਸ਼ੀ ਔਰਤਾਂ ਰਾਹੀਂ ਪੂੰਜੀਪਤੀਆਂ ਦੇ ਮੋਬਾਈਲ ਨੰਬਰ ਪ੍ਰਾਪਤ ਕਰਦੇ ਸਨ। ਇਹ ਔਰਤਾਂ ਉਨ੍ਹਾਂ ਨਾਲ ਸੰਪਰਕ ਕਰਦੀਆਂ ਸਨ ਅਤੇ ਸਬੰਧ ਸਥਾਪਤ ਕਰਦੀਆਂ ਸਨ। ਫਿਰ ਦੋਸ਼ੀ ਔਰਤਾਂ ਨੂੰ ਬੁਲਾਉਂਦੇ ਸਨ ਅਤੇ ਉਨ੍ਹਾਂ ਦੇ ਚਿਹਰੇ ਢੱਕ ਕੇ ਵੀਡੀਓ ਬਣਾਉਂਦੇ ਸਨ। ਇਨ੍ਹਾਂ ਵੀਡੀਓਜ਼ ਰਾਹੀਂ, ਪੂੰਜੀਪਤੀਆਂ ਨੂੰ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਦੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਕੇ ਡਰਾਇਆ ਜਾਂਦਾ ਸੀ ਕਿ ਜੇਕਰ ਉਨ੍ਹਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਦੀ ਇੱਜ਼ਤ ਅਤੇ ਭਵਿੱਖ ਤਬਾਹ ਹੋ ਜਾਵੇਗਾ। ਦੱਸ ਦਈਏ ਕਿ ਇਸ ਮਾਮਲੇ ਵਿੱਚ ਵਰੁਣ ਕਪੂਰ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਆਗੂ ਦੱਸਦਾ ਸੀ, ਦੂਸਰਾ ਦੋਸ਼ੀ ਅਨਿਲ ਸਿੰਘ ਵੀ ਆਪਣੇ ਆਪ ਨੂੰ ਮੀਡੀਆ ਦਾ ਅਧਿਕਾਰੀ ਦੱਸ ਕੇ ਲੋਕਾਂ ਉੱਤੇ ਫੋਕਾ ਰੋਬ ਪਾਉਂਦਾ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹੁਣ ਇਸ ਅਪਰਾਧਿਕ ਗਿਰੋਹ ਨਾਲ ਜੁੜੀਆਂ ਚਾਰ ਹੋਰ ਔਰਤਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਜਨਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੀਆਂ ਧੋਖਾਧੜੀਆਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਰਿਪੋਰਟ ਕਰਨ।