ਜੈਕਾਰਿਆਂ ਦੀ ਗੂੰਜ ਵਿੱਚ ਖਾਲਸਾਈ ਜਾਹੋ ਜਲਾਲ ਨਾਲ ਗੁਰੂ ਨਗਰੀ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲਸਾਨੀ ਸ਼ਹੀਦੀ ਮਾਰਚ ਕੱਢਿਆ ਗਿਆ
ਸ੍ਰੀ ਗੁਰੂ ਅੰਗਦ ਦੇਵ ਜੀ ਨਿਵਾਸ ਸ੍ਰੀ ਅਮ੍ਰਿਤਸਰ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਹਿਯੋਗ ਨਾਲ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 9ਵਾਂ ਲਾਸਾਨੀ ਸ਼ਹੀਦੀ ਮਾਰਚ ਕੱਢਿਆ ਗਿਆ ਜਿਸ ਵਿੱਚ 1000 ਦੇ ਲੱਗਭੱਗ ਸਕੂਲੀ ਬਚਿਆ ਨੇ ਸ਼ਮੂਲਿਅਤ ਕਰਕੇ ਸਾਹਿਬਜ਼ਾਦੇਆ ਦੀ ਲਾਸਾਨੀ ਸ਼ਹਾਦਤਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦੀ ਮਾਰਚ ਦੀ ਆਰੰਭਤਾ ਦੀ ਅਰਦਾਸ ਅਰਦਾਸੀਏ ਗੁਰਸੇਵਕ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਜੀ ਨੇ ਕੀਤੀ।

ਪੰਜ ਪਿਆਰਿਆਂ ਦੇ ਸਰੂਪ ਵਿੱਚ ਸਜੇ ਬਚਿਆ ਦੀ ਅਗਵਾਈ ਵਿੱਚ ਇਹ ਸ਼ਹੀਦੀ ਮਾਰਚ ਗੁਰੂ ਨਗਰੀ ਅਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਸ਼ੁਰੁ ਹੋ ਕੇ ਹਾਲ ਗੇਟ, ਹਾਲ ਬਜ਼ਾਰ, ਟਾਊਨ ਹਾਲ, ਵਿਰਾਸਤੀ ਮਾਰਗ ਹੁੰਦਾ ਹੋਇਆ ਗੁ ਬੁਰਜ ਅਕਾਲੀ ਫੂਲਾ ਸਿੰਘ ਜੀ ਵਿਖੇ ਸਮਾਪਤ ਹੋਇਆ।
ਇਸ ਸ਼ਹੀਦੀ ਮਾਰਚ ਦਾ ਵੱਖ ਵੱਖ ਧਾਰਮਿਕ ਨੁਮਾਇੰਦਿਆ ਵਲੋ ਸਵਾਗਤ ਕਰਕੇ ਜਿੱਥੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ ਗਈ ਉਥੇ ਹੀ ਭਾਈਚਾਰਿਕ ਸਾਂਝ ਦਾ ਸੰਦੇਸ਼ ਵੀ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸਕੱਤਰ ਹਰਮੀਤ ਸਿੰਘ ਸਲੂਜਾ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਸ਼ਹੀਦੀ ਹਫਤੇ ਦੋਰਾਨ ਇਹ ਉਪਰਾਲਾ ਸ਼ਿਰੋਮਣੀ ਕਮੇਟੀ, ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਹਯੋਗ ਨਾਲ ਉਹਨਾ ਦੀ ਸੰਸਥਾ ਵਲੋਂ ਕੀਤਾ ਜਾਂਦਾ ਹੈ ਤਾਂ ਜ਼ੋ ਨੌਜਵਾਨ ਪੀੜੀ ਨੂੰ ਸਾਹਿਬਜ਼ਾਦੇ ਦੀ ਕੁਰਬਾਨੀ ਤੋਂ ਜਾਣੂ ਕਰਵਾਇਆ ਜਾ ਸੱਕੇ ਅਤੇ ਆਉਣ ਵਾਲ਼ੀ ਪੀੜੀ ਪਤਿਤਪੁਣੇ ਨੂੰ ਛੱਡ ਕੇ ਗੁਰੂ ਸਾਹਿਬ ਵਲੋਂ ਬਖਸ਼ੇ ਹੋਏ ਗੁਰਸਿੱਖੀ ਸਰੂਪ ਵਿੱਚ ਆਉਣ।

ਓਹਨਾ ਦੱਸਿਆ ਕਿ ਇਸ ਸ਼ਹੀਦੀ ਮਾਰਚ ਦਾ ਜਿਸ ਤਰਾ ਹਰ ਧਰਮ ਦੇ ਨੁਮਾਇੰਦਿਆ ਵਲੋ ਸਵਾਗਤ ਕੀਤਾ ਗਿਆ ਉਹ ਭਾਈਚਾਰਿਕ ਸਾਂਝ ਦੀ ਮਿਸਾਲ ਹੈ। ਇਸ ਮੌਕੇਂ ਪਤਰਕਾਰਾ ਨਾਲ ਗੱਲਬਾਤ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਸ੍ਰੀ ਗੁਰੁ ਅੰਗਦ ਦੇਵ ਜੀ ਨਿਵਾਸ ਵਲੋਂ ਕੀਤਾ ਜਾ ਰਿਹਾ ਇਹ ਉਪਰਲਾ ਸ਼ਲਾਂਘਾ ਯੋਗ ਹੈ ਅਤੇ ਸਾਨੂੰ ਸਭ ਨੂੰ ਪਤਿਤਪੁਣੇ ਨੂੰ ਛੱਡ ਕੇ ਗੁਰਸਿੱਖੀ ਸਰੂਪ ਵਿੱਚ ਸਜ ਕੇ ਸਹਿਬਜਾਦਿਆਂ ਦਾ ਵਾਰਿਸ ਬਣਨਾ ਚਾਹੀਦਾ ਹੈ।
ਸ਼ਹੀਦੀ ਮਾਰਚ ਦੀ ਸਮਾਪਤੀ ਉਪਰੰਤ ਸ਼ਾਮਿਲ ਹੋਏ ਬਚਿਆ ਨੂੰ ਸਾਹਿਬਜਾਦਿਆਂ ਨਾਲ ਸੰਬੰਧਿਤ ਲਿਟਰੇਚਰ ਵੰਡੇ ਗਏ ਅਤੇ ਬਚਿਆ ਨੂੰ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਗੁਰਮਤਿ ਵਿਚਾਰਾ ਸਾਂਝੀਆ ਕੀਤੀਆ ਗਈਆ।

