ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਗੜ੍ਹ ਮੁਕਤੇਸ਼ਵਰ ਤੋਂ ਅਗਲੇ ਪੜਾਅ ਗੁਰੂ ਕਾ ਤਾਲ ਆਗਰਾ ਲਈ ਰਵਾਨਾ

ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਗੜ੍ਹ ਮੁਕਤੇਸ਼ਵਰ ਤੋਂ ਅਗਲੇ ਪੜਾਅ ਗੁਰੂ ਕਾ ਤਾਲ ਆਗਰਾ ਲਈ ਰਵਾਨਾ
ਨਗਰ ਕੀਰਤਨ ਦੌਰਾਨ ਐਸਜੇਐਸ ਮੋਟਰ ਨੇ ਧਰਮ ਪ੍ਰਚਾਰ ਲਈ ਗੱਡੀ ਭੇਟ ਕਰਕੇ ਸ਼ਰਧਾ ਪ੍ਰਗਟਾਈ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ’ਚ ਅੱਜ ਡੇਰਾ ਕਾਰ ਸੇਵਾ ਦਿੱਲੀ ਵਾਲੇ ਗੜ੍ਹ ਮੁਕਤੇਸ਼ਵਰ ਤੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਲਈ ਰਵਾਨਾ ਹੋਇਆ।

ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਗੁਰਮਤਿ ਵਿਚਾਰਾਂ ਕੀਤੀਆਂ।

ਉਨ੍ਹਾਂ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਸਾਂਝ ਪਾਉਦਿਆਂ ਸੰਗਤਾਂ ਨੂੰ ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ। ਇਸ ਮੌਕੇ ਗੜ੍ਹ ਮੁਕਤੇਸ਼ਵਰ ਤੋਂ ਵਿਧਾਇਕ ਸ੍ਰੀ ਹਰਿੰਦਰ ਤੇਵੜੀਆ, ਚੌਧਰੀ ਰਵਿੰਦਰ ਸਿੰਘ, ਹਾਪੁੜ ਤੋਂ ਵਿਧਾਇਕ ਸ੍ਰੀ ਵਿਜੇਪਾਲ, ਜਿਲ੍ਹਾ ਜੱਜ ਸ. ਗੁਰਪ੍ਰੀਤ ਸਿੰਘ ਨੇ ਸਮਾਗਮ ਸਮੇਂ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।


ਇਸ ਮੌਕੇ ਡੇਰਾ ਕਾਰਸੇਵਾ ਦਿੱਲੀ ਵਾਲਿਆਂ ਦੇ ਪ੍ਰਬੰਧਕ ਬਾਬਾ ਸੁਰਿੰਦਰ ਸਿੰਘ ਤੇ ਬਾਬਾ ਸ਼ਾਨ ਸਿੰਘ ਵੱਲੋਂ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਹਾਜਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ ਗਏ। ਇਹ ਨਗਰ ਕੀਰਤਨ ਹਾਪੁੜ, ਬੁਲੰਦ ਸ਼ਹਿਰ, ਅਲੀਗੜ੍ਹ, ਹਾਥਰਸ ਤੋਂ ਹੁੰਦਾ ਹੋਇਆ ਗੁਰਦੁਆਰਾ ਦੂਖਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਵਿਖੇ ਪੁੱਜਾ। ਰਸਤੇ ’ਚ ਜਿਥੇ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ’ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ, ਉਥੇ ਹੀ ਸੰਭਾਵਲੀ ਸ਼ੂਗਰ ਮਿੱਲ ਹਾਪੁੜ ਦੇ ਪ੍ਰਬੰਧਕਾਂ ਵੱਲੋਂ ਵੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਗਈ।

ਇਸੇ ਦੌਰਾਨ ਹਾਪੁੜ ਵਿਖੇ ਐਸਜੇਐਸ ਮੋਟਰ ਦੇ ਮਾਲਕ ਸ. ਧਿਆਨ ਸਿੰਘ ਅਤੇ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਸਤਿਕਾਰ ਹਿੱਤ ਧਰਮ ਪ੍ਰਚਾਰ ਲਈ ਇੱਕ ਗੱਡੀ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ।


ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਗੁਰਨਾਮ ਸਿੰਘ, ਇੰਚਾਰਜ ਸ. ਜਗਜੀਤ ਸਿੰਘ, ਸ. ਸਿਮਰਨਜੀਤ ਸਿੰਘ ਕੰਗ, ਚੀਫ ਗੁਰਦੁਆਰਾ ਇੰਸਪੈਕਟਰ ਸ. ਜਗਦੀਸ਼ ਸਿੰਘ ਬੁੱਟਰ, ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ, ਮੀਤ ਮੈਨੇਜਰ ਸ. ਰਵਿੰਦਰਜੀਤ ਸਿੰਘ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਜਥੇਦਾਰ ਸੁਖਜੀਤ ਸਿੰਘ ਬਘੌਰਾ, ਸ. ਹਰਵਿੰਦਰ ਸਿੰਘ ਪ੍ਰਮਾਰ, ਸ. ਰਾਜਬੀਰ ਸਿੰਘ ਤੇ ਉਦੈਬੀਰ ਸਿੰਘ ਐਸਜੀਐਸ ਮੋਟਰ, ਸ. ਜੁਗਿੰਦਰ ਸਿੰਘ, ਸ. ਤੇਜਿੰਦਰ ਸਿੰਘ, ਸ. ਬੂਟਾ ਸਿੰਘ, ਸ. ਚਰਨ ਸਿੰਘ, ਸ. ਕਾਹਨ ਸਿੰਘ, ਸ. ਰਣਯੋਧ ਸਿੰਘ, ਸ. ਖੇਮ ਸਿੰਘ, ਸ. ਚਰਨਜੀਤ ਸਿੰਘ, ਸ੍ਰੀ ਪ੍ਰਮੋਤ ਜਿੰਦਲ ਤੋਂ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *