ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਐਲਾਨ ਕੀਤਾ ਕਿ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਦੌਰਾਨ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਕੀਤਾ ਜਾਵੇਗਾ। ਇਨ੍ਹਾਂ ਸਥਾਨਾਂ ‘ਤੇ ਸਿਗਰਟ, ਬੀੜੀ ਅਤੇ ਹੋਰ ਤੰਬਾਕੂ ਪਦਾਰਥਾਂ ਦੇ ਸੇਵਨ ‘ਤੇ ਸਖ਼ਤ ਪਾਬੰਦੀ ਹੋਵੇਗੀ। ਹਰੇਕ ਪੋਲਿੰਗ ਬੂਥ ‘ਤੇ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਤੰਬਾਕੂ ਦੇ ਸੇਵਨ ‘ਤੇ ਪਾਬੰਦੀ ਨੂੰ ਲਾਗੂ ਕਰਨ ਲਈ ਪੁਆਇੰਟ ਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ, ਮੁੱਖ ਚੋਣ ਅਫ਼ਸਰ ਨੇ ਇਸ ਉਪਰਾਲੇ ਰਾਹੀਂ ਵੋਟਰਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਮਾਹੌਲ ਸਿਰਜਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਨੂੰ ਤੰਬਾਕੂ ਮੁਕਤ ਖੇਤਰਾਂ ਵਜੋਂ ਮਨੋਨੀਤ ਕਰਨ ਦਾ ਕਾਰਨ ਤੰਬਾਕੂਨੋਸ਼ੀ ਨਾ ਕਰਨ ਵਾਲਿਆਂ ਨੂੰ ਦੂਜੇ ਹੱਥੀਂ ਧੂੰਏਂ ਤੋਂ ਬਚਾਉਣਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਤੋਂ ਇਲਾਵਾ ਸਿਬਿਨ ਸੀ ਨੇ ਕਿਹਾ ਕਿ ਇਹ ਪਹਿਲਕਦਮੀ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਅਤੇ ਇਸ ਦੇ ਸੇਵਨ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੇ ਰੋਗ, ਫੇਫੜਿਆਂ ਦੀਆਂ ਪੁਰਾਣੀਆਂ ਬਿਮਾਰੀਆਂ ਅਤੇ ਅੰਨ੍ਹੇਪਣ ਨੂੰ ਰੋਕਣ ਲਈ ਵੱਖ-ਵੱਖ ਪੱਧਰਾਂ ‘ਤੇ ਜਨਤਕ ਸਿਹਤ ਮੁਹਿੰਮਾਂ ਅਤੇ ਯਤਨਾਂ ਨਾਲ ਮੇਲ ਖਾਂਦੀ ਹੈ।