ਅੰਮ੍ਰਿਤਸਰ ਵਿੱਚ ਕੈਂਸਰ, ਪ੍ਰਦੂਸ਼ਣ ਅਤੇ ਭ੍ਰਿਸ਼ਟ ਸਿਸਟਮ ‘ਤੇ ਵੱਡਾ ਹਮਲਾ — ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਠਾਏ ਗੰਭੀਰ ਸਵਾਲ
ਕਿਹਾ – ਅਧਿਕਾਰੀਆਂ ਦੀ ਜਵਾਬਦੇਹੀ ਜ਼ਰੂਰੀ
ਅੰਮ੍ਰਿਤਸਰ ਵਿੱਚ ਤੇਜ਼ੀ ਨਾਲ ਵੱਧ ਰਹੇ ਕੈਂਸਰ ਦੇ ਮਾਮਲਿਆਂ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗਹਿਰੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਹ ਸਿਰਫ਼ ਸਿਹਤ ਸੰਕਟ ਨਹੀਂ, ਸਗੋਂ ਪੂਰੇ ਸਿਸਟਮ ਦੀ ਨਾਕਾਮੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਲੋਕ ਜਿਹੜੇ ਪਾਣੀ ਅਤੇ ਖਾਣੇ ‘ਤੇ ਨਿਰਭਰ ਹਨ, ਉਹੀ ਉਨ੍ਹਾਂ ਲਈ ਜ਼ਹਿਰ ਬਣਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਂਸਰ ਦੇ ਵੱਧਦੇ ਮਾਮਲਿਆਂ ਦੇ ਪਿੱਛੇ ਮੁੱਖ ਕਾਰਨ ਪੈਸਟੀਸਾਈਡ ਦੀ ਬੇਤਹਾਸਾ ਵਰਤੋਂ, ਖਾਦ ਪਦਾਰਥਾਂ ਵਿੱਚ ਮਿਲਾਵਟ ਅਤੇ ਪਾਣੀ ਵਿੱਚ ਯੂਰੇਨੀਅਮ ਅਤੇ ਹੋਰ ਜ਼ਹਿਰੀਲੇ ਤੱਤਾਂ ਦੀ ਵੱਧ ਰਹੀ ਮਾਤਰਾ ਹੈ। ਕਿਸਾਨਾਂ ਨੂੰ ਪੈਸਟੀਸਾਈਡ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਜੋ ਕਿ ਐਗਰੀਕਲਚਰ ਵਿਭਾਗ ਦੀ ਵੱਡੀ ਨਾਕਾਮੀ ਹੈ। ਇਸ ਦੇ ਨਾਲ ਹੀ ਬਾਜ਼ਾਰ ਵਿੱਚ ਮਿਲਾਵਟੀ ਖਾਣ-ਪੀਣ ਦੀਆਂ ਚੀਜ਼ਾਂ ਖੁੱਲ੍ਹੇਆਮ ਵਿਕ ਰਹੀਆਂ ਹਨ, ਜਿਸ ਨਾਲ ਲੋਕਾਂ ਦੀ ਸਿਹਤ ‘ਤੇ ਬੁਰਾ ਅਸਰ ਪੈ ਰਿਹਾ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਤੁੰਗ ਢਾਬ ਡਰੇਨ ਦਾ ਮੁੱਦਾ ਉਹ ਪਿਛਲੇ 8 ਸਾਲਾਂ ਤੋਂ ਲਗਾਤਾਰ ਉਠਾਉਂਦੇ ਆ ਰਹੇ ਹਨ, ਪਰ ਅਜੇ ਤੱਕ ਕੋਈ ਢੰਗ ਦਾ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਮਾਨਾਵਾਲਾ ਵਿੱਚ ਨਵੀਂ ਡਰੇਨ ਬਣ ਰਹੀ ਹੈ, ਪਰ ਉੱਥੇ ਵੀ ਡੇਰੀਆਂ, ਕੇਮਿਕਲ ਅਤੇ ਹੋਰ ਗੰਦਲਾ ਪਾਣੀ ਵਗ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਵੀ ਵਿਭਾਗ ਮਿਲ ਕੇ ਕੰਮ ਨਹੀਂ ਕਰ ਰਿਹਾ। ਪੋਲਿਊਸ਼ਨ ਵਿਭਾਗ, ਐਗਰੀਕਲਚਰ ਵਿਭਾਗ ਅਤੇ ਹੋਰ ਸੰਬੰਧਿਤ ਏਜੰਸੀਆਂ ਇੱਕ-ਦੂਜੇ ‘ਤੇ ਜ਼ਿੰਮੇਵਾਰੀ ਪਾ ਰਹੀਆਂ ਹਨ, ਜਦਕਿ ਜਮੀਨੀ ਹਕੀਕਤ ਹੋਰ ਵੀ ਖਰਾਬ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਰਾਮ ਦਾਸ ਜੀ ਦੀ ਪਵਿੱਤਰ ਨਗਰੀ, ਜਿੱਥੇ ਸਰੋਵਰ ਆਸਥਾ ਦਾ ਕੇਂਦਰ ਹਨ, ਅੱਜ ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਸਰਕਾਰਾਂ ਦੀ ਨਾਕਾਮੀ ਕਾਰਨ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੀ ਹੈ। ਪਵਿੱਤਰ ਧਰਤੀ ‘ਤੇ ਕੈਂਸਰ ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਬਹੁਤ ਦੁਖਦਾਈ ਹੈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਰਕਾਰਾਂ ਦਾ ਪੂਰਾ ਤੰਤਰ ਲੋਕਾਂ ਦੀ ਜੀਵਨ ਪੱਧਰ ਸੁਧਾਰਨ ਲਈ ਬਣਾਇਆ ਗਿਆ ਹੈ, ਪਰ ਅੱਜ ਇਹ ਤੰਤਰ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਚੁੱਕਾ ਹੈ। ਅਧਿਕਾਰੀਆਂ ਨੂੰ ਲੱਗਦਾ ਹੈ ਕਿ ਉਹ ਬਚ ਜਾਣਗੇ, ਪਰ ਇਸਦਾ ਅਸਰ ਹਰ ਕਿਸੇ ‘ਤੇ ਪੈਂਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇ ਖਾਦ ਪਦਾਰਥਾਂ ਵਿੱਚ ਮਿਲਾਵਟ ਹੋ ਰਹੀ ਹੈ ਤਾਂ ਇਸ ਲਈ ਜ਼ਿਲ੍ਹਾ ਸਿਹਤ ਅਧਿਕਾਰੀ ਅਤੇ ਫੂਡ ਸੇਫਟੀ ਵਿਭਾਗ ਜ਼ਿੰਮੇਵਾਰ ਹਨ, ਅਤੇ ਜੇ ਪ੍ਰਦੂਸ਼ਣ ਵੱਧ ਰਿਹਾ ਹੈ ਤਾਂ ਪੋਲਿਊਸ਼ਨ ਵਿਭਾਗ ਸਭ ਤੋਂ ਵੱਧ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਹਰ ਵਿਭਾਗ ਮੌਜੂਦ ਹੈ, ਕਾਨੂੰਨ ਵੀ ਹਨ, ਪਰ ਜ਼ਮੀਨ ‘ਤੇ ਕੋਈ ਕੰਮ ਨਹੀਂ ਹੋ ਰਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਸਵਾਲ ਕਰਨ, ਕਿਉਂਕਿ ਇਹ ਸਾਰੇ ਲੋਕਾਂ ਦੇ ਨੌਕਰ ਹਨ ਅਤੇ ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜਨ ਪ੍ਰਤਿਨਿਧੀ ਆਪਣੇ ਪੱਧਰ ‘ਤੇ ਲਗਾਤਾਰ ਮੁੱਦੇ ਉਠਾ ਰਹੇ ਹਨ। ਦਿਸ਼ਾ (DISHA) ਕਮੇਟੀ ਦੀਆਂ ਮੀਟਿੰਗਾਂ ਵਿੱਚ ਕਈ ਵਾਰ ਇਹ ਮੁੱਦੇ ਚੁੱਕੇ ਗਏ ਅਤੇ ਰਿਪੋਰਟਾਂ ਸਰਕਾਰ ਨੂੰ ਭੇਜੀਆਂ ਗਈਆਂ, ਪਰ ਅਜੇ ਤੱਕ ਕੋਈ ਜਵਾਬਦੇਹੀ ਤੈਅ ਨਹੀਂ ਕੀਤੀ ਗਈ। ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੀ ਅੱਜ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਇਮਾਨਦਾਰ ਅਧਿਕਾਰੀ ਅਤੇ ਨੇਤਾ ਹੀ ਸਿਸਟਮ ਨੂੰ ਕਿਸੇ ਤਰ੍ਹਾਂ ਚਲਾ ਰਹੇ ਹਨ, ਨਹੀਂ ਤਾਂ ਹਾਲਾਤ ਹੋਰ ਵੀ ਬੁਰੇ ਹੋ ਸਕਦੇ ਸਨ।
ਉਨ੍ਹਾਂ ਅੰਮ੍ਰਿਤਸਰ ਦੇ ਦਬੁਰਜੀ, ਟਾਂਗਰਾ ਅਤੇ ਹੋਰ ਪੁਲਾਂ ਦਾ ਮਸਲਾ ਉਠਾਉਂਦੇ ਹੋਏ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਹੋਇਆ ਹੈ। ਦਬੁਰਜੀ ਪੁਲ ਪਹਿਲਾਂ ਹੀ ਧੱਸ ਚੁੱਕਾ ਹੈ ਅਤੇ ਟਾਂਗਰਾ ਵਾਲਾ ਪੁਲ ਵੀ ਖਾਮੀਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਪੁਲ ਬਣ ਰਹੇ ਸਨ, ਤਦੋਂ ਵੀ ਪ੍ਰੋਜੈਕਟ ਡਾਇਰੈਕਟਰ ਨੂੰ ਕਈ ਵਾਰ ਕਮੀਆਂ ਬਾਰੇ ਦੱਸਿਆ ਗਿਆ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਅੱਜ ਹਾਲਾਤ ਇਹ ਹਨ ਕਿ ਕਿਸੇ ਵੀ ਵੇਲੇ ਵੱਡਾ ਹਾਦਸਾ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਟੀ ਅਤੇ ਸੰਬੰਧਿਤ ਵਿਭਾਗਾਂ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਅਖੀਰਲੇ ਪੜਾਅ ਤੱਕ ਲੈ ਕੇ ਜਾਣਗੇ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹਰ ਲੜਾਈ ਲੜਣਗੇ। ਇਸਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਤੋਂ ਵੀ ਸਵਾਲ ਕੀਤਾ ਕਿ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਸਰਕਾਰ ਦੀ ਜਵਾਬਦੇਹੀ ਕੀ ਹੈ।
ਅੰਤ ਵਿੱਚ ਉਨ੍ਹਾਂ ਹਾਲ ਹੀ ਦੇ ਇੱਕ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗਗਨਦੀਪ ਸਿੰਘ ਰੰਧਾਵਾ ਨਾਲ ਜੁੜੇ ਕੇਸ ਵਿੱਚ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਅਜੇ ਤੱਕ ਉਸ ਦਾ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਸਿੱਧਾ-ਸਿੱਧਾ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ ਅਤੇ ਜਾਂਚ ਪ੍ਰਕਿਰਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਅੰਤ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝਣ। ਜੇ ਸਮੇਂ ਸਿਰ ਢੰਗ ਦੇ ਕਦਮ ਨਾ ਚੁੱਕੇ ਗਏ, ਤਾਂ ਇਸਦਾ ਨੁਕਸਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਝੇਲਣਾ ਪਵੇਗਾ।
