ਵਿਧਾਇਕ ਧਾਲੀਵਾਲ ਨੇ ਹੜ੍ਹਾਂ ਦੌਰਾਨ ਪਾਣੀ ਚ ਡੁੱਬ ਕੇ ਮਰੇ ਲੜਕੇ ਦੇ ਪਰਿਵਾਰ ਨੂੰ ਦਿੱਤਾ 4 ਲੱਖ ਰੁਪਏ ਦਾ ਚੈੱਕ
ਹੜ੍ਹ ਦੌਰਾਨ ਸੇਵਾ ਕਰਨ ਆਇਆ ਸੀ ਲੜਕਾ
ਹੜ੍ਹਾਂ ਨੇ ਪੰਜਾਬ ਵਿੱਚ ਕਾਫ਼ੀ ਤਬਾਹੀ ਮਚਾਈ ਹੈ ਹੜ੍ਹਾਂ ਨੇ ਜਿੱਥੇ ਸਾੜਾ ਮਾਲੀ ਨੁਕਸਾਨ ਕੀਤਾ ਹੈ ਉੱਥੇ ਕਈ ਮਨੁੱਖੀ ਜਾਨਾਂ ਵੀ ਚਲੇ ਗਈਆਂ ਹਨ। ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਹੜ੍ਹਾਂ ਸਬੰਧੀ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ ਅਤੇ ਹੜ੍ਹਾਂ ਦੌਰਾਨ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਅਜਨਾਲਾ ਦੇ ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ 6 ਸਤੰਬਰ ਨੂੰ ਪਿੰਡ ਨਾਨੂੰਵਾਲ ਤੋਂ ਦਰਸ਼ਪ੍ਰੀਤ ਸਿੰਘ ਨਾਮ ਦਾ ਇਕ ਲੜਕਾ ਹੜ੍ਹਾਂ ਦੌਰਾਨ ਫਸੇ ਲੋੜਵੰਦਾਂ ਦੀ ਮਦਦ ਕਰਨ ਲਈ ਆਇਆ ਸੀ ਪਰ ਉਹ ਖੁਦ ਹੜ੍ਹਾਂ ਦੀ ਮਾਰ ਹੇਠਾਂ ਆ ਗਿਆ ਅਤੇ ਦਰਿਆ ਵਿੱਚ ਪੈਰ ਫਿਸਲਣ ਕਰਕੇ ਉਸਦੀ ਮੌਤ ਹੋ ਗਈ। ਸ: ਧਾਲੀਵਾਲ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਘੜੀ ਹੈ ਕਿ ਇਕ ਮਾਂ ਦਾ ਇਕਲੌਤਾ ਨੌਜਵਾਨ ਲੜ੍ਹਕਾ ਹੜ੍ਹਾਂ ਦੀ ਮਾਰ ਹੇਠਾਂ ਆ ਕੇ ਆਪਣੀ ਜਾਨ ਗੁਆ ਬੈਠਾ ਹੈ। ਉਨਾਂ ਕਿਹਾ ਕਿ ਇਸਦੀ ਘਾਟ ਤਾਂ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ, ਪਰ ਸਰਕਾਰ ਵਲੋਂ ਲੜਕੇ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ 4 ਲੱਖ ਰੁਪਏ ਦਾ ਚੈੱਕ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹੜ੍ਹਾਂ ਨੇ ਸਾਡੇ ਇਲਾਕੇ ਦੇ ਚਾਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਸ: ਧਾਲੀਵਾਲ ਨੇ ਕਿਹਾ ਕਿ ਅਸੀਂ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਮੱਦਦ ਦੀ ਕੋਸ਼ਿਸ਼ ਕਰ ਰਹੇ ਹਾਂ।
ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਅਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਕੈਪਸ਼ਨ : ਅਜਨਾਲਾ ਦੇ ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ ਹੜ੍ਹਾਂ ਦੌਰਾਨ ਮਾਰੇ ਗਏ ਨੌਜਵਾਨ ਲੜਕੇ ਦੀ ਮਾਤਾ ਨੂੰ ਚਾਰ ਲੱਖ ਰੁਪਏ ਦਾ ਚੈੱਕ ਭੇਟ ਕਰਦੇ ਹੋਏ।