ਜਨਵਰੀ ‘ਚ ਇੱਕ ਆਡਿਟ ਤੋਂ ਬਾਅਦ, ਏਅਰ ਇੰਡੀਆ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਦੁਆਰਾ ਫਲਾਈਟ ਨਿਯਮਾਂ ਅਤੇ ਚਾਲਕ ਦਲ ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਏਅਰ ਇੰਡੀਆ ਆਪਣੇ ਚਾਲਕ ਦਲ ਦੇ ਮੈਂਬਰਾਂ ਲਈ ਲੋੜੀਂਦਾ ਆਰਾਮ ਯਕੀਨੀ ਬਣਾਉਣ ‘ਚ ਅਸਫਲ ਰਹੀ, ਉਨ੍ਹਾਂ ਨੂੰ ਜ਼ਰੂਰੀ ਹਫਤਾਵਾਰੀ ਛੁੱਟੀ ਅਤੇ ਫਲਾਈਟ ਤੋਂ ਪਹਿਲਾਂ ਅਤੇ ਬਾਅਦ ਦੇ ਆਰਾਮ ਤੋਂ ਵਾਂਝਾ ਕੀਤਾ ਗਿਆ।
ਇਸ ਦੇ ਨਾਲ ਹੀ ਚਾਲਕ ਦਲ ਨੂੰ ਬਹੁਤ ਜ਼ਿਆਦਾ ਡਿਊਟੀ ਘੰਟਿਆਂ ਦੇ ਅਧੀਨ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਸਿਖਲਾਈ ਰਿਕਾਰਡਾਂ ਵਿੱਚ ਗਲਤੀਆਂ ਸਨ। ਏਅਰ ਇੰਡੀਆ ਦੀ ਉਲੰਘਣਾ ਜਹਾਜ਼ਾਂ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੀ ਹੈ, ਜਿਸ ਨਾਲ DGCA ਨੇ ਉਪਲਬਧ ਸਬੂਤਾਂ ਅਤੇ ਗਵਾਹੀਆਂ ਦੇ ਅਧਾਰ ‘ਤੇ ਏਅਰਲਾਈਨ ‘ਤੇ 80 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ।
ਇਸ ਤੋਂ ਇਲਾਵਾ DGCA ਨੇ ਪਹਿਲਾਂ ਏਅਰ ਇੰਡੀਆ ਨੂੰ ਫਰਵਰੀ ‘ਚ ਇੱਕ ਬਜ਼ੁਰਗ ਯਾਤਰੀ ਨੂੰ ਵ੍ਹੀਲਚੇਅਰ ਨਾ ਦੇਣ ਲਈ ਜ਼ੁਰਮਾਨਾ ਲਗਾਇਆ ਸੀ ਜਿਸਦੀ ਬਾਅਦ ਵਿੱਚ ਮੌਤ ਹੋ ਗਈ ਸੀ। ਜ਼ਿਕਰਯੋਗ ਜਾਂਚ ਤੋਂ ਬਾਅਦ, ਡੀਜੀਸੀਏ ਨੇ ਏਅਰ ਇੰਡੀਆ ਨੂੰ ਨੋਟਿਸ ਜਾਰੀ ਕਰਕੇ ਕਾਰਨ ਪੁੱਛਿਆ। ਬਾਅਦ ‘ਚ ਅਥਾਰਟੀ ਨੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ।