ਟਰੈਕਟਰ ਉੱਤੇ ਚੜ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਪੁੱਜੇ ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁਖੀ
– ਲੋਕਾਂ ਦੀ ਸਿਹਤ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ
-ਜ਼ਿਲ੍ਹੇ ਦੀ 117000 ਤੋਂ ਵੱਧ ਵਸੋਂ ਹੜਾਂ ਨਾਲ ਪ੍ਰਭਾਵਿਤ
-ਹੁਣ ਤੱਕ ਤਿੰਨ ਮਨੁੱਖੀ ਜਾਨਾਂ ਦਾ ਵੀ ਹੋਇਆ ਨੁਕਸਾਨ
ਰਾਵੀ ਦੀ ਸਭ ਤੋਂ ਵੱਧ ਮਾਰ ਹੇਠ ਆਏ ਇਲਾਕੇ ਜੋ ਕਿ ਰਮਦਾਸ ਤੋਂ ਵੀ ਅੱਗੇ ਦੇ ਪਿੰਡ ਹਨ, ਵਿੱਚ ਰਹਿ ਰਹੇ ਲੋਕਾਂ ਦੀ ਸਾਰ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਜਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਟਰੈਕਟਰ ਉੱਤੇ ਚੜ ਕੇ ਪੁੱਜੇ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਐਸਡੀਐਮ ਅਜਨਾਲਾ ਸ੍ਰੀ ਰਵਿੰਦਰ ਸਿੰਘ, ਸ੍ਰੀ ਖੁਸ਼ਹਾਲ ਸਿੰਘ ਧਾਲੀਵਾਲ, ਸੈਕਟਰੀ ਰੈਡ ਕਰਾਸ ਸ੍ਰੀ ਸੈਮਸਨ ਮਸੀਹ ਅਤੇ ਰਾਹਤ ਕੰਮਾਂ ਵਿੱਚ ਲੱਗੇ ਹੋਰ ਅਧਿਕਾਰੀ ਵੀ ਸਨ। ਉਕਤ ਟੀਮ ਨੇ ਨੰਗੇ ਪੈਰੀਂ ਪਾਣੀ ਵਿੱਚ ਕਈ ਕਿਲੋਮੀਟਰ ਤੁਰ ਕੇ ਅੜਾਇਆ, ਬਉਲੀ, ਮੌਲੀ ਆਦਿ ਪਿੰਡਾਂ ਅਤੇ ਡੇਰਿਆਂ ਉੱਤੇ ਰਹਿ ਰਹੇ ਲੋਕਾਂ ਤੱਕ ਪਹੁੰਚ ਕੀਤੀ। ਉਹਨਾਂ ਨੇ ਲੋਕਾਂ ਦੀ ਸਿਹਤ ਦਾ ਹਾਲ ਜਾਣਿਆ ਅਤੇ ਉਹਨਾਂ ਦੇ ਘਰ, ਬਾਹਰ , ਪਸ਼ੂ ਡੰਗਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੀਆਂ ਟੀਮਾਂ ਹਰ ਵੇਲੇ ਇਹਨਾਂ ਲੋਕਾਂ ਦੀ ਮਦਦ ਲਈ ਇਥੇ ਤਾਇਨਾਤ ਹਨ, ਜਿੰਨਾ ਵਿੱਚ ਡਾਕਟਰ ਅਤੇ ਪਸ਼ੂਆਂ ਦੇ ਮਾਹਰ ਵੀ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਉਹ ਲੋਕ ਜਿਨਾਂ ਦੇ ਘਰਾਂ ਨੂੰ ਜਿਆਦਾ ਨੁਕਸਾਨ ਹੋਇਆ ਹੈ, ਨੂੰ ਵਿਸ਼ੇਸ਼ ਤੌਰ ਉੱਤੇ ਰਾਹਤ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ। ਉਹਨਾਂ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਆਪਣੇ ਘਰਾਂ ਦੀ ਰਾਖੀ ਜਾਂ ਹੋਰ ਲੋੜਾਂ ਕਾਰਨ ਪਾਣੀ ਵਿੱਚ ਘਿਰੇ ਹੋਣ ਦੇ ਬਾਵਜੂਦ ਘਰ ਖਾਲੀ ਕਰਕੇ ਨਹੀਂ ਜਾ ਸਕੇ ।
ਉਹਨਾਂ ਨੇ ਅਧਿਕਾਰੀਆਂ ਨੂੰ ਇਨਾਂ ਲੋਕਾਂ ਦੀਆਂ ਲੋੜਾਂ ਦਾ ਵਿਸ਼ੇਸ਼ ਖਿਆਲ ਰੱਖਣ ਦੀ ਹਦਾਇਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 140 ਪਿੰਡ ਹੜਾਂ ਨਾਲ ਪ੍ਰਭਾਵਿਤ ਹੋਏ ਹਨ, ਜਿਨਾਂ ਵਿੱਚ ਲਗਭਗ ਇਕ ਲੱਖ 17 ਹਜਾਰ ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਤਿੰਨ ਮਨੁੱਖੀ ਜਾਨਾਂ ਹੜਾਂ ਦੀ ਲਪੇਟ ਵਿੱਚ ਆਈਆਂ ਹਨ। ਇਸ ਤੋਂ ਇਲਾਵਾ 6 ਪਸ਼ੂਆਂ ਦੇ ਮਰਨ, 73 ਘਰਾਂ ਦੇ ਢਹੇ ਜਾਣ, ਲਗਭਗ 23 ਹਜਾਰ ਹੈਕਟੇਅਰ ਫਸਲ ਬਰਬਾਦ ਹੋਣ ਅਤੇ ਖੇਤੀ ਮਸ਼ੀਨਰੀ ਨੁਕਸਾਨੀ ਜਾਣ ਜਾਂ ਰੁੜਨ ਦੀਆਂ ਰਿਪੋਰਟਾਂ ਮਿਲੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ ਪ੍ਰਭਾਵਿਤ ਇਲਾਕੇ ਵਿੱਚ 16 ਰਾਹਤ ਕੈਂਪ ਚਲਾਏ ਜਾ ਰਹੇ ਹਨ, ਜਿੱਥੋਂ ਲੋੜਵੰਦਾਂ ਨੂੰ ਲੋੜੀਂਦੀਆਂ ਵਸਤਾਂ ਦਿੱਤੀਆਂ ਜਾ ਰਹੀਆਂ ਹਨ, ਪਸ਼ੂਆਂ ਦਾ ਚਾਰਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡਾਕਟਰੀ ਟੀਮਾਂ ਇੱਥੇ ਮਨੁੱਖਾਂ ਅਤੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕੁਦਰਤੀ ਆਫਤ ਨਾਲ ਜੋ ਨੁਕਸਾਨ ਹੋਣਾ ਸੀ, ਉਹ ਤਾਂ ਅਸੀਂ ਨਹੀਂ ਬਚਾਅ ਸਕੇ ਪਰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾਲ ਕੋਈ ਨੁਕਸਾਨ ਨਾ ਹੋਵੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਸੰਕਟ ਵੇਲੇ ਜ਼ਿਲ੍ਹਾ ਹੈਲਪ ਲਾਈਨ ਨੰਬਰ 0183-2229125 ਉੱਤੇ ਫੋਨ ਕਰਨ ਤਾਂ ਜੋ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ।