ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਮਹੀਨਿਆਂ ਤੋਂ ਅਹਿਮ ਫਾਈਲਾਂ ‘ਤੇ ਦਸਤਖਤ ਨਾ ਕਰਨ ਕਾਰਨ ਪੰਜਾਬ ‘ਚ ਸਰਕਾਰੀ ਕੰਮਕਾਜ ਠੱਪ ਹੋਣ ਦੀ ਆਲੋਚਨਾ ਕੀਤੀ ਹੈ। ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਸੱਤਾ ‘ਚ ਆਉਣ ‘ਤੇ ਮਾਨਸਾ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ। ਇਸ ਦੇ ਨਾਲ ਹੀ 16 ਮੈਡੀਕਲ ਕਾਲਜ ਸਥਾਪਤ ਕਰਨ ਦਾ ਵਾਅਦਾ ਪੂਰਾ ਨਾ ਕਰਨ ਲਈ ‘ਆਪ’ ਸਰਕਾਰ ਦੀ ਨਿੰਦਾ ਵੀ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ‘ਚ 2 ਲੱਖ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ, ਕਿਤਾਬਾਂ ਤੇ ਸਟੇਸ਼ਨਰੀ ਨਹੀਂ ਮਿਲੀ ਕਿਉਂਕਿ CM ਕੇਜਰੀਵਾਲ ਨੇ ਜੇਲ੍ਹ ‘ਚ ਹੋਣ ਦੇ ਬਾਵਜੂਦ ਵੀ ਅਸਤੀਫਾ ਨਹੀਂ ਦਿੱਤਾ। ਸਿੱਖਿਆ ਤੇ ਸਿਹਤ ਸੇਵਾਵਾਂ ਅਤੇ ਵੱਖ-ਵੱਖ ਪ੍ਰਾਜੈਕਟ ਪੰਜਾਬ ‘ਚ ਪ੍ਰਭਾਵਤ ਹੋ ਰਹੇ ਹਨ ਕਿਉਂਕਿ CM ਮਾਨ ਪਿਛਲੇ ਕਈ ਮਹੀਨਿਆਂ ਤੋਂ ਜ਼ਰੂਰੀ ਫਾਈਲਾਂ ’ਤੇ ਹਸਤਾਖ਼ਰ ਨਹੀਂ ਕਰ ਰਹੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਵੱਖ-ਵੱਖ ਪ੍ਰਾਜੈਕਟਾਂ ਵਾਸਤੇ NOC ਇਸੇ ਕਰ ਕੇ ਰੁਕੀ ਹੋਈ ਹੈ ਕਿਉਂਕਿ CM ਮਾਨ ਮਨਜ਼ੂਰੀ ਨਹੀਂ ਦੇ ਰਹੇ। ਉਨ੍ਹਾਂ ਨੇ ਪੰਜਾਬੀਆਂ ਨੂੰ ਸੱਤਾ ਦੇ ਭੁੱਖੇ ਸਿਆਸਤਦਾਨਾਂ ਨੂੰ ਨਕਾਰਨ ਦੀ ਅਪੀਲ ਕੀਤੀ ਅਤੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਨੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਅਤੇ ਮਾਲੀਆ ਪੈਦਾ ਕਰਨ ‘ਚ ਅਸਫਲ ਰਹੀ ਹੈ। ਬਾਦਲ ਨੇ ਪੰਜਾਬ ‘ਚ ਅਕਾਲੀ ਦਲ ਦੀ ਅਗਵਾਈ ‘ਚ ਲੋਕ ਪੱਖੀ ਸਰਕਾਰ ਦੀ ਲੋੜ ’ਤੇ ਜ਼ੋਰ ਦਿੱਤਾ।