ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ-ਡਿਪਟੀ ਕਮਿਸ਼ਨਰ
ਚਾਈਨਾ ਡੋਰ ਦੀ ਵਿਕਰੀ ਤੇ ਭੰਡਾਰਨ ਕਰਨ ਤੇ ਹੋ ਸਕਦਾ 15 ਲੱਖ ਰੁਪਏ ਜੁਰਮਾਨਾ
ਅਧਿਕਾਰੀਆਂ ਨੂੰ ਜਮੀਨੀ ਪੱਧਰ ਤੇ ਜਾ ਕੇ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਜਿਲ੍ਹਾ ਪ੍ਰਸਾਸ਼ਨ ਵੱਲੋਂ ਚਾਈਨਾ ਡੋਰ ਦੀ ਵਰਤੋਂ ਅਤੇ ਭੰਡਾਰ ਕਰਨ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਜੇਕਰ ਫਿਰ ਵੀ ਕੋਈ ਚਾਈਨਾਂ ਡੋਰ ਨਾਲ ਪਤੰਗ ਉਡਾਉਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ।
ਇਸ ਸਬੰਧੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਨਾਲ ਪਤੰਗ ੳਡਾਉਣ ਨਾਲ ਲੋਕਾਂ ਅਤੇ ਪੰਛੀਆਂ ਦੀ ਜਾਨ ਨੂੰ ਖਤਰਾ ਪੈਦਾ ਹੁੰਦਾ ਹੈ ਅਤੇ ਬਹੁਤ ਸਾਰੇ ਪੰਛੀ ਵੀ ਇਸ ਦੀ ਲਪੇਟ ਵਿੱਚ ਆ ਕੇ ਮਰ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦੇ ਕਿਹਾ ਕਿ ਉਹ ਖੁਦ ਜਮੀਨੀ ਪੱਧਰ ਤੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਕਾਰਵਾਈ ਕਰਨ।

ਉਨ੍ਹਾਂ ਕਿਹਾ ਕਿ ਸਿੰਥੈਟਿਕ ਪਤੰਗ ਉਡਾਉਣ ਵਾਲਾ ਧਾਗਾ ਜੋ ਗੈਰ-ਬਾਇਓਡੀਗ੍ਰੇਡੇਬਲ ਹੋਵੇ ਜਾਂ ਸ਼ੀਸ਼ੇ, ਧਾਤ ਆਦਿ ਦੀ ਵਰਤੋਂ ਕਰਕੇ ਤਿੱਖਾ ਬਣਾਇਆ ਹੋਵੇ, ਦੇ ਨਿਰਮਾਣ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਵਾਜਾਈ ‘ਤੇ ਪੂਰਨ ਪਾਬੰਦੀ ਹੋਵੇਗੀ। ਉਨਾਂ ਆਪਣੇ ਆਪਣੇ ਅਧਿਕਾਰ ਖੇਤਰਾਂ ਵਿੱਚ ਜਨਤਕ ਜਾਗਰੂਕਤਾ ਮੁਹਿੰਮ ਚਲਾਉਣ ਤਾਂ ਜੋ ਨਾਗਰਿਕਾਂ, ਖਾਸ ਤੌਰ ਤੇ ਬੱਚਿਆਂ ਨੂੰ ਪਲਾਸਟਿਕ, ਨਾਇਲਨ ਜਾਂ ਇਸ ਤਰ੍ਹਾਂ ਦੇ ਸੰਥੈਟਿਕ ਪਦਾਰਥਾਂ ਤੋਂ ਬਣੇ ਧਾਗੇ/ਮਾਂਜ਼ਾ ਜਾਂ ਜਿਸ ਵਿੱਚ ਚੀਨੀ ਧਾਗਾ ਜਾਂ ਪਤੰਗ ਉਡਾਉਣ ਲਈ, ਕਿਸੇ ਹੋਰ ਧਾਗੇ ਨਾਲ ਲੇਪ ਵਾਲੇ ਕੱਚ, ਧਾਤੂ ਦੇ ਹਿੱਸਿਆਂ ਦੀ ਵਰਤੋਂ ਦੇ ਖਤਰਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ।

ਐਕਸੀਅਨ ਪ੍ਰਦੂਸ਼ਦ ਵਿਭਾਗ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੌਟੀਫਿਕੇਸ਼ਨ ਅਨੁਸਾਰ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਦੀ ਵਿਕਰੀ ਜਾਂ ਸਟੋਰੇਜ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਇਕ ਲੱਖ ਤੋਂ 15 ਲੱਖ ਰੁਪੲੈ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।

