ਨਵੀਂ ਚੁਣੀ ਗਈ BJP ਦੀ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਚੰਡੀਗੜ੍ਹ ਹਵਾਈ ਅੱਡੇ ‘ਤੇ ਕੁਲਵਿੰਦਰ ਕੌਰ ਨਾਮਕ CISF ਮਹਿਲਾ ਸੁਰੱਖਿਆ ਕਰਮੀ ਨੇ ਕਥਿਤ ਤੌਰ ‘ਤੇ ਬਦਸਲੂਕੀ ਕੀਤੀ। ਕੰਗਨਾ ਨੇ ਹਾਲ ਹੀ ‘ਚ ਹਿਮਾਚਲ ਪ੍ਰਦੇਸ਼ ‘ਚ ਮੰਡੀ ਸੀਟ ਤੋਂ ਲੋਕ ਸਭਾ ਚੋਣ ਜਿੱਤੀ ਹੈ। ਉਹ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ‘ਚ ਮੀਟਿੰਗ ਲਈ ਜਾ ਰਹੀ ਸੀ, ਜਦੋਂ ਕਿਸਾਨਾਂ ‘ਤੇ ਟਿੱਪਣੀ ਕਰਨ ‘ਤੇ ਉਸ ਨੂੰ ਕਥਿਤ ਤੌਰ ‘ਤੇ ਥੱਪੜ ਮਾਰਿਆ ਗਿਆ।
ਉਸਨੇ ਏਅਰਪੋਰਟ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ ਅਤੇ ਇਸ ‘ਚ ਸ਼ਾਮਲ CISF ਕਰਮਚਾਰੀ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ ‘ਤੇ ਕੰਗਨਾ ਰਣੌਤ ਅਤੇ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਬਹਿਸ ਹੋਈ, ਜਿਸ ‘ਚ ਥੱਪੜ ਮਾਰਨ ਦੀਆਂ ਰਿਪੋਰਟਾਂ ਸ਼ਾਮਲ ਸਨ। ਇਹ ਘਟਨਾ ਕੰਗਨਾ ਵੱਲੋਂ ਕਿਸਾਨ ਅੰਦੋਲਨ ਨਾਲ ਸਬੰਧਤ ਪੰਜਾਬ ਦੀਆਂ ਔਰਤਾਂ ਬਾਰੇ ਵਿਵਾਦਤ ਟਿੱਪਣੀਆਂ ਕਰਨ ਤੋਂ ਬਾਅਦ ਹੋਈ ਹੈ।
ਇਸ ਨੂੰ ਲੈ ਕੇ ਏਅਰਪੋਰਟ ‘ਤੇ 10 ਤੋਂ 15 ਮਿੰਟ ਤੱਕ ਹੰਗਾਮਾ ਹੋਇਆ। ਕੰਗਨਾ ਆਖਰਕਾਰ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋਈ। ਕੰਗਨਾ ਰਣੌਤ ਕਥਿਤ ਤੌਰ ‘ਤੇ ਫਲਾਈਟ UK707 ‘ਤੇ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ, ਜਦੋਂ ਇਹ ਝਗੜਾ ਹੋਇਆ। ਸੁਰੱਖਿਆ ਕਰਮਚਾਰੀਆਂ ਨੇ ਕਥਿਤ ਤੌਰ ‘ਤੇ ਕੰਗਨਾ ਨੂੰ ਥੱਪੜ ਮਾਰਿਆ, ਜਿਸ ਨਾਲ ਉਸ ਦੇ ਸਾਥੀ ਨੇ ਜਵਾਬੀ ਕਾਰਵਾਈ ਕੀਤੀ।
DSP ਏਅਰਪੋਰਟ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਥੱਪੜ ਮਾਰਨ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਪਰ ਇੱਕ ਮਹਿਲਾ CISF ਕਰਮਚਾਰੀ ਨੇ ਕਥਿਤ ਤੌਰ ‘ਤੇ ਕੰਗਨਾ ਰਣੌਤ ਨਾਲ ਦੁਰਵਿਵਹਾਰ ਕੀਤਾ, ਜਿਸ ਦੀ ਫਿਲਹਾਲ ਜਾਂਚ ਚੱਲ ਰਹੀ ਹੈ। ਇਹ ਘਟਨਾ ਕਿਸਾਨ ਅੰਦੋਲਨ ਨਾਲ ਜੁੜੀ ਮੰਨੀ ਜਾ ਰਹੀ ਹੈ ਅਤੇ ਰਸਮੀ ਸ਼ਿਕਾਇਤ ਮਿਲਣ ‘ਤੇ ਕਾਰਵਾਈ ਕੀਤੀ ਜਾਵੇਗੀ।