Amazon ‘ਤੇ ਗੁਟਕਾ ਸਾਹਿਬ ਅਤੇ ਪਾਵਨ ਗੁਰਬਾਣੀ ਸੈਂਚੀਆਂ ਦੀ Online ਵਿਕਰੀ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਨ੍ਹਾਂ ਵਿਕਰੀਆਂ ’ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ। ਧਾਮੀ ਨੇ ਕਿਹਾ ਕਿ ਸਿੱਖ ਧਰਮ ਗ੍ਰੰਥਾਂ ਅਤੇ ਗੁਟਕਾ ਸਾਹਿਬ ਨੂੰ Online ਵੇਚਣਾ ਅਸਵੀਕਾਰਨਯੋਗ ਹੈ ਕਿਉਂਕਿ ਇਸ ਨਾਲ ਇਨ੍ਹਾਂ ਪਵਿੱਤਰ ਗ੍ਰੰਥਾਂ ਦੇ ਸਤਿਕਾਰ ਨਾਲ ਸਮਝੌਤਾ ਹੁੰਦਾ ਹੈ।
ਇਸ ਦੇ ਨਾਲ ਹੀ ਪਾਰਸਲ ਰਾਹੀਂ ਇਹ ਇਕ ਤੋਂ ਦੂਜੀ ਥਾਂ ’ਤੇ ਪੇਜਣ ਦੀ ਪ੍ਰਕਿਰਿਆ ਸ਼ਰਧਾ ਦੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਜ਼ਿਕਰਯੋਗ, ਧਾਮੀ ਨੇ ਦੱਸਿਆ ਕਿ ਸਿੱਖ ਭਾਈਚਾਰਾ ਗੁਰਬਾਣੀ ਨੂੰ ਡੂੰਘਾਈ ਨਾਲ ਮੰਨਦਾ ਹੈ ਅਤੇ Amazon ਰਾਹੀਂ ਗੁਟਕਾ ਸਾਹਿਬ ਦੀ Online ਉਪਲਬਧਤਾ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਰੋਸ ਹੈ।
ਐਡਵੋਕੇਟ ਧਾਮੀ ਨੇ Amazon ਨੂੰ ਅਪੀਲ ਕੀਤੀ ਹੈ ਕਿ ਉਹ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਤੁਰੰਤ ਆਪਣੇ ਪਲੇਟਫਾਰਮ ਤੋਂ ਉਤਾਰੇ। ਉਨ੍ਹਾਂ ਪ੍ਰਕਾਸ਼ਕਾਂ ਨੂੰ ਗੁਰਬਾਣੀ ਦੇ ਸਤਿਕਾਰ ਲਈ ਗੁਟਕਾ ਸਾਹਿਬ ਅਤੇ ਪਾਵਨ ਪੋਥੀਆਂ ਦੀ Online ਵਿਕਰੀ ਬੰਦ ਕਰਨ ਦਾ ਸੱਦਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਮਸਲਾ ਕਾਫੀ ਗੰਭੀਰ ਹੈ ਅਤੇ ਆਉਣ ਵਾਲੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿੱਚ ਇਸ ਨੂੰ ਹੱਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ Amazon ਨੂੰ ਅਜਿਹੇ ਮਾਮਲਿਆਂ ਸਬੰਧੀ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ, ਜਿਸ ਕਾਰਨ ਗੁਟਕਾ ਸਾਹਿਬ ਦੀ Online ਵਿਕਰੀ ਬੰਦ ਹੋ ਗਈ ਸੀ। ਇਸ ਵੇਲੇ ਐਮਾਜ਼ੋਨ ਨੂੰ ਇੱਕ ਪੱਤਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਆਪਣੀ ਵੈੱਬਸਾਈਟ ਤੋਂ ਤੁਰੰਤ ਹਟਾਉਣ ਦੀ ਬੇਨਤੀ ਕੀਤੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟੀਕਰਨ ਭੇਜਣ ਲਈ ਕਿਹਾ ਗਿਆ ਹੈ।