ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰਾਤੋਂ-ਰਾਤ ਅਜਿਹਾ ਫੈਸਲਾ ਲਿਆ ਹੈ ਜਿਸ ਨਾਲ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। 10ਵੀਂ ਤੇ 12ਵੀਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਪਰ ਮੌਕੇ ‘ਤੇ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇ ਪੈਟਰਨ ਵਿੱਚ ਬਦਲਾਅ ਕਰ ਦਿੱਤਾ ਹੈ। PSEB ਵਲੋਂ ਅਗਲੇ ਸਾਲ ਤੋਂ ਆਪਣੀਆਂ ਪ੍ਰੀਖਿਆਵਾਂ ਦੇ ਪੈਟਰਨ ਵਿੱਚ ਤਬਦੀਲੀ ਕੀਤੀ ਜਾਣੀ ਸੀ।
ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਵਿਚੋਂ ਬਹੁਤ ਘੱਟ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਯੂਪੀਐੱਸੀ ਜਾਂ ਪੀਸੀਐੱਸ ਲਈ ਕੁਆਲੀਫਾਈ ਕਰਦੇ ਹਨ। ਮੁਕਾਬਲੇ ਵਿੱਚ ਅੱਗੇ ਆਉਣ ਲਈ ਸਿੱਖਿਆ ਬੋਰਡ ਨੇ ਅਗਲੇ ਸਾਲ ਸੀਬੀਐੱਸਈ ਪੈਟਰਨ ਅਪਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਅਚਾਨਕ ਰਾਤੋਂ-ਰਾਤ ਸਿੱਖਿਆ ਬੋਰਡ ਨੇ ਇਸ ਸਾਲ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਪੈਟਰਨ ਨੂੰ ਬਦਲਣ ਦਾ ਫੈਸਲਾ ਲਿਆ।
ਇਹ ਫੈਸਲਾ, ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬਹੁਤ ਚਿੰਤਤ ਕਰ ਰਿਹਾ ਹੈ। ਸਾਲਾਨਾ ਪ੍ਰੀਖਿਆਵਾਂ ਵਿੱਚ ਸਿਰਫ ਇਕ ਮਹੀਨਾ ਬਚਿਆ ਹੈ ਤੇ ਇਹ ਪੈਟਰਨ ਲਾਗੂ ਕਰ ਦਿੱਤਾ ਗਿਆ ਹੈ ਜਿਸ ਨਾਲ ਪੂਰੇ ਪੰਜਾਬ ਦੇ ਵਿਦਿਆਰਥੀ ਬੇਹੱਦ ਪ੍ਰੇਸ਼ਾਨ ਹਨ। ਟੀਚਰ ਵੀ ਹੈਰਾਨ ਹਨ ਕਿਉਂਕਿ ਪੂਰੇ ਸਾਲ ਦੀ ਤਿਆਰੀ ਪੁਰਾਣੇ ਪੈਟਰਨ ਤੋਂ ਕਰਾਈ ਗਈ ਹੈ।
ਇਸ ਤੋਂ ਇਲਾਵਾ PSEB ਦਾ ਪੈਟਰਨ ਸੀਬੀਐੱਸਈ ਤੋਂ ਕਾਫੀ ਵੱਖਰਾ ਹੈ। ਸੀਬੀਐੱਸਈ ਪੈਟਰਨ ਬਹੁਤ ਮੁਸ਼ਕਲ ਹੈ ਜਦ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੈਟਰਨ ਸਰਲ ਮੰਨਿਆ ਜਾਂਦਾ ਹੈ। ਪੰਜਾਬ ਬੋਰਡ ਨੇ ਹੁਣ ਸੀਬੀਐੱਸਈ ਵਰਗਾ ਪੈਟਰਨ ਅਪਣਾ ਕੇ ਤਿਆਰ ਹੋਣ ਵਾਲੇ ਪ੍ਰਸ਼ਨ ਪੱਤਰ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ ਜਿਸ ਕਰਕੇ ਇਸ ਦਾ ਸਿੱਧਾ ਅਸਰ ਸਾਲਾਨਾ ਪ੍ਰੀਖਿਆਵਾਂ ‘ਤੇ ਪਵੇਗਾ।