3,000 ਟਰੈਕਟਰ ਤੇ 2,000 ਟਰੱਕ ਲੈ ਕੇ ਕਿਸਾਨ ਕਰ ਰਹੇ ਜਰਮਨੀ ਦੀਆਂ ਸੜਕਾਂ ‘ਤੇ ਪ੍ਰਦਰਸ਼ਨ

ਜਰਮਨੀ ਦੇ ਗੁੱਸੇ ਵਿੱਚ ਆਏ ਕਿਸਾਨ ਟੈਕਸ ਛੋਟਾਂ ਨੂੰ ਖਤਮ ਕਰਨ ਦੇ ਵਿਰੋਧ ਵਿੱਚ ਟਰੈਕਟਰਾਂ ਨਾਲ ਬਰਲਿਨ ਦੀਆਂ ਸੜਕਾਂ ‘ਤੇ ਉਤਰ ਆਏ। ਕਿਸਾਨਾਂ ਨੇ ਸਰਕਾਰ ਤੋਂ ਇਸ ਯੋਜਨਾ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ, ਜਰਮਨ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿੱਚ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਵਿੱਚ ਕਟੌਤੀ ਕਰ ਦਿੱਤੀ ਸੀ।

ਖੇਤੀ ਸੈਕਟਰ ਵਿੱਚ ਵਰਤੇ ਜਾਣ ਵਾਲੇ ਡੀਜ਼ਲ ਉੱਤੇ ਟੈਕਸ ਰਿਫੰਡ ਅਤੇ ਛੋਟਾਂ ਖਤਮ ਕਰ ਦਿੱਤੀਆਂ ਗਈਆਂ ਹਨ। ਇਸ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਸੋਮਵਾਰ ਨੂੰ ਲਗਭਗ 3,000 ਟਰੈਕਟਰ, 2,000 ਟਰੱਕ ਅਤੇ 10,000 ਲੋਕ ਬਰਲਿਨ ਦੇ ਬ੍ਰੈਂਡਨਬਰਗ ਗੇਟ ਵੱਲ ਜਾਣ ਵਾਲੀ ਸੜਕ ‘ਤੇ ਉਤਰੇ। ਇਸ ਨਾਲ ਨਜਿੱਠਣ ਲਈ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।

ਜਰਮਨੀ ਦੇ ਬਰੈਂਡਨਬਰਗ ਗੇਟ ‘ਤੇ ਸਰਕਾਰ ਵਿਰੁੱਧ ਇਕ ਹਫ਼ਤੇ ਦੇ ਵਿਰੋਧ ਪ੍ਰਦਰਸ਼ਨ ਦੀ ਸਮਾਪਤੀ ਕਰਦੇ ਹੋਏ ਕਿਸਾਨਾਂ ਨੇ ਵਿਸ਼ਾਲ ਰੈਲੀ ਕੀਤੀ। ਕੜਾਕੇ ਦੀ ਠੰਢ ਵਿੱਚ ਹਜ਼ਾਰਾਂ ਕਿਸਾਨ ਜਰਮਨੀ ਦਾ ਝੰਡਾ ਫੜ ਕੇ ਟਰੈਕਟਰ ਅਤੇ ਟਰੱਕ ਸੜਕ ‘ਤੇ ਆਹਮੋ-ਸਾਹਮਣੇ ਖੜ੍ਹੇ ਸਨ।

ਪ੍ਰਦਰਸ਼ਨਾਂ ਨੇ ਚਾਂਸਲਰ ਓਲਾਫ ਸਕੋਲਜ਼ ਦੀ ਗਠਜੋੜ ਸਰਕਾਰ ‘ਤੇ ਦਬਾਅ ਵਧਾ ਦਿਤਾ ਹੈ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ, ਪੁਲਿਸ ਨੇ ਚਿਤਾਵਨੀ ਦਿੱਤੀ ਸੀ ਕਿ ਐਵੇਨਿਊ ਪਹਿਲਾਂ ਹੀ ਭਰਿਆ ਹੋਇਆ ਹੈ, ਇਸ ਲਈ ਉਨ੍ਹਾਂ ਨੂੰ ਆਪਣਾ ਵਿਰੋਧ ਓਲੰਪਿਕ ਸਟੇਡੀਅਮ ਵਰਗੀਆਂ ਵਿਕਲਪਿਕ ਥਾਵਾਂ ‘ਤੇ ਲਿਜਾਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਪਰ ਕਿਸਾਨ ਉੱਥੇ ਹੀ ਧਰਨਾ ਦੇਣ ‘ਤੇ ਅੜੇ ਰਹੇ।

Leave a Reply

Your email address will not be published. Required fields are marked *