ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜੇਤੂ ਰਹੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕ ਸਮਾਗਮ ‘ਤੋਂ ਦੂਰ ਰੱਖਣ ਦਾ ਮੁੱਦਾ ਅਮਰੀਕਾ ‘ਚ ਗੂੰਜਿਆ ਹੈ। ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕਰਕੇ ਹਾਂ-ਪੱਖੀ ਹੁੰਗਾਰਾ ਭਰਿਆ। ਲਾਸ ਐਂਜਲਸ, ਕੈਲੀਫੋਰਨੀਆ ‘ਚ ਹੋਈ ਇਹ ਮੀਟਿੰਗ ਕਮਲਾ ਹੈਰਿਸ ਦੁਆਰਾ ਨਿਰਧਾਰਤ ਕੀਤੀ ਗਈ ਸੀ ਅਤੇ ਲਗਭਗ ਇੱਕ ਘੰਟਾ ਚੱਲੀ।
ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਹੈਰਿਸ ਨਾਲ ਮੁਲਾਕਾਤ ਦੌਰਾਨ ਅੰਮ੍ਰਿਤਪਾਲ ਸਿੰਘ ਸਮੇਤ ਸਿੱਖ ਨਾਲ ਸਬੰਧਤ ਕਈ ਅਹਿਮ ਚਿੰਤਾਵਾਂ ਨੂੰ ਉਠਾਇਆ। ਅਟਾਰਨੀ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ NSA ਤਹਿਤ ਗ੍ਰਿਫਤਾਰੀ ਦੀ ਜਾਇਜ਼ਤਾ ‘ਤੇ ਸਵਾਲ ਉਠਾਉਂਦਿਆਂ ਦਲੀਲ ਦਿੱਤੀ ਕਿ ਇਹ ਦਮਨ ਲਈ ਵਰਤੇ ਜਾਂਦੇ ਪੁਰਾਣੇ ਬ੍ਰਿਟਿਸ਼ ਕਾਨੂੰਨਾਂ ‘ਤੇ ਆਧਾਰਿਤ ਹੈ।
ਇਸ ਦੇ ਨਾਲ ਹੀ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ। ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਦੌਰਾਨ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਸਾਂਝਾ ਕੀਤਾ ਕਿ ਭਾਰਤੀ ਲੋਕ ਸਭਾ ਚੋਣਾਂ ਵਿੱਚ ਬਹੁਮਤ ਨਾਲ ਜਿੱਤਣ ਦੇ ਬਾਵਜੂਦ ਸਿਆਸਤਦਾਨ ਅੰਮ੍ਰਿਤਪਾਲ ਸਿੰਘ ਦੀ ਲਗਾਈ ਐਨਐਸਏ ਦੀ ਮਿਆਦ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ।
ਸਿੰਘ ਨੇ ਭਾਰਤ ‘ਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਸਬੂਤਾਂ ਨੂੰ ਵੀ ਉਜਾਗਰ ਕੀਤਾ ਅਤੇ ਕੁਝ ਕਾਨੂੰਨਾਂ ਦੇ ਗੈਰ-ਸੰਵਿਧਾਨਕ ਥੋਪਣ ਬਾਰੇ ਚਿੰਤਾ ਪ੍ਰਗਟਾਈ। ਅਟਾਰਨੀ ਨੇ ਕਮਲਾ ਹੈਰਿਸ ਕੋਲ ਭਾਰਤੀ ਜੇਲ੍ਹਾਂ ਵਿੱਚ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਭਾਰਤ ਦੀਆਂ ਜੇਲ੍ਹਾਂ ‘ਚ ਬੰਦ ਹਨ।