ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ AAP ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਭਾਰੀ ਨੁਕਸਾਨ ਪਹੁੰਚਾਉਣ ਲਈ ਆਲੋਚਨਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਸਰਕਾਰੀ ਹਸਪਤਾਲਾਂ ਦੇ 6 ਡਾਕਟਰਾਂ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਹੀ ਅਸਤੀਫਾ ਦੇ ਦਿੱਤਾ ਹੈ। ਸਰਕਾਰੀ ਸਿਸਟਮ ਦੇ ਕਈ ਡਾਕਟਰਾਂ ਨੂੰ ਕੰਮ ਦੇ ਭਾਰੀ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਫਿਰੋਜ਼ਪੁਰ, ਜ਼ੀਰਾ ‘ਚ 56 ਅਸਾਮੀਆਂ ਖ਼ਾਲੀ ਅਤੇ CM ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ‘ਚ ਡਾਕਟਰਾਂ ਦੀਆਂ 85 ਅਸਾਮੀਆਂ ਖ਼ਾਲੀ ਹੋਣ ਕਾਰਨ ਪੰਜਾਬ ‘ਚ ਸਿਹਤ ਪ੍ਰਣਾਲੀ ਮਾੜੀ ਹਾਲਤ ‘ਚ ਹੈ। ਬਾਜਵਾ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਅਤੇ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਕੇਂਦਰ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਲਈ 650 ਕਰੋੜ ਰੁਪਏ ਜਾਰੀ ਨਹੀਂ ਕੀਤੇ ਹਨ।
ਇਸ ਦੇ ਨਾਲ ਹੀ ਬਾਜਵਾ ਨੇ ‘ਆਪ’ ਆਗੂਆਂ ਕੇਜਰੀਵਾਲ ਅਤੇ ਮਾਨ ‘ਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ‘ਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੇ ਸ਼ਾਸਨ ‘ਚ ਸੂਬੇ ‘ਚ ਸਿਹਤ ਸੇਵਾਵਾਂ ਦਾ ਮੰਦਾ ਹਾਲ ਹੋਇਆ ਹੈ।
ਉਨਾਂ ਨੇ ਕਿਹਾ ਕਿ ਝਾੜੂ ਪਾਰਟੀ ਨੇ ਸਾਰੇ ਨਾਗਰਿਕਾਂ ਲਈ ਸਿਹਤ ਕਾਰਡ ਬਣਾਉਣ ਦੇ ਨਾਲ-ਨਾਲ ਦਵਾਈਆਂ, ਸਰਜਰੀਆਂ ਅਤੇ ਟੈਸਟਾਂ ਸਮੇਤ ਮੁਫਤ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਇਆ ਹੈ। ਹਾਲਾਂਕਿ, ਇਹ ਅਸਪਸ਼ਟ ਹੈ ਕਿ ਇਹ ਵਾਅਦੇ ਕਦੋਂ ਪੂਰੇ ਹੋਣਗੇ। ਆਪ ਸਰਕਾਰ ਨੇ ਆਪਣੇ ਏਜੰਡੇ ਲਈ ਆਮ ਆਦਮੀ ਕਲੀਨਿਕ ਸਥਾਪਤ ਕਰਨ ਲਈ ਕੰਮ ਕਰ ਰਹੇ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪੇਂਡੂ ਡਿਸਪੈਂਸਰੀਆਂ ਨੂੰ ਖਤਮ ਕਰ ਦਿੱਤਾ।