ਈਟੀਟੀ ਅਧਿਆਪਕਾਂ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ‘ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (AAP) ਦੀ ਰਿਹਾਇਸ਼ ਅੱਗੇ ਧਰਨਾ ਲਾਇਆ ਗਿਆ ਹੈ। ਅਧਿਆਪਕਾਂ ਵੱਲੋਂ ਮੰਤਰੀ ਬੈਂਸ ਅਤੇ ਪੰਜਾਬ ਸਰਕਾਰ ਦੇ CM ਭਗਵੰਤ ਮਾਨ ਖਿਲਾਫ਼ ਵਾਅਦਾ ਖਿਲਾਫੀ ਲਈ ਨਾਹਰੇਬਾਜ਼ੀ ਵੀ ਕੀਤੀ ਜਾ ਰਹੀ ਹੈ।
ਕੜਾਕੇ ਦੀ ਪੈ ਰਹੀ ਠੰਡ ਵਿਚਾਲੇ ਪ੍ਰਦਰਸ਼ਨਕਾਰੀ ਅਧਿਆਪਕ ਚੰਡੀਗੜ੍ਹ ਆਪਣੇ ਬੱਚਿਆਂ ਸਮੇਤ ਪਹੁੰਚੇ ਹੋਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਇਹ ਧਰਨਾ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਇਨ੍ਹਾਂ 188 ਅਧਿਆਪਕਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਅਧਿਆਪਕਾਂ ਨਾਲ ਧਰਨਾ ਹਟਾਉਣ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ।
ਹਣ ਅਧਿਆਪਕਾਂ ਨੇ ਪੁਲਿਸ ਦੇ ਸਾਹਮਣੇ ਪੈਟਰੋਲ ਦੀਆਂ ਬੋਤਲਾਂ ਵੀ ਕੱਢ ਲਈਆਂ ਹਨ, ਜਿਸ ਪਿੱਛੋਂ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਹੈ। ਅਧਿਆਪਕਾਂ ਦੀ ਮੀਟਿੰਗ ਹੁਣ 24 ਜਨਵਰੀ ਨੂੰ ਪੰਜਾਬ ਭਵਨ ‘ਚ ਸਿੱਖਿੀਆ ਮੰਤਰੀ ਨਾਲ ਹੋਵੇਗੀ। ਭਰੋਸੇ ਤੋਂ ਬਾਅਦ ਵੀ ਅਧਿਆਪਕਾਂ ਨੇ ਧਰਨਾ ਤਾਂ ਖਤਮ ਕਰ ਦਿੱਤਾ ਹੈ ਪਰ ਨਾਲ ਹੀ ਚੇਤਾਇਆ ਹੈ ਕਿ ਉਨ੍ਹਾਂ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ ਅਤੇ ਉਹ ਲਾਰੇਬਾਜ਼ੀ ‘ਚ ਨਹੀਂ ਆਉਣਗੇ।
ਈਟੀਟੀ 5994 ਕੇਡਰ ਮਾਮਲੇ ਦੀ ਅਗਲੀ ਸੁਣਵਾਈ 30 ਜਨਵਰੀ ਨੂੰ ਹੋਣੀ ਹੈ, ਜੋ ਕਿ ਕੇਸ ਲੱਗਣ ਤੋਂ ਲੈ ਕੇ ਹੁਣ ਤੱਕ 15ਵੀਂ ਸੁਣਵਾਈ ਹੈ। ਆਗੂਆਂ ਨੇ ਕਿਹਾ ਕਿ ਇਸ ਸੁਣਵਾਈ ਦੌਰਾਨ ਜੇਕਰ ਪੰਜਾਬ ਸਰਕਾਰ ਨੇ ਇਸ ਭਰਤੀ ਨੂੰ ਅਦਾਲਤ ਵਿੱਚੋਂ ਬਾਹਰ ਕਢਵਾਉਣ ਲਈ ਕੋਈ ਵਿਸ਼ੇਸ਼ ਯਤਨ ਨਾ ਕੀਤੇ ਤਾਂ ਬੇਰੁਜ਼ਗਾਰ ਅਧਿਆਪਕ ਟੈਂਕੀ ਅਤੇ ਟਾਵਰਾਂ ਸਮੇਤ ਨੈਸ਼ਨਲ ਤੇ ਰਾਜ ਮਾਰਗ ਜਾਮ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।