SGPC ਦੇ ਨਾਮ ’ਤੇ ਬਣਾਇਆ ਫਰਜੀ ਖਾਤਾ, ਸ਼੍ਰੋਮਣੀ ਕਮੇਟੀ ਨੇ ਐਕਸ (ਟਵਿੱਟਰ) ਨੂੰ ਭੇਜਿਆ ਕਨੂੰਨੀ ਨੋਟਿਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ਵਿਰੁੱਧ ਸਿੱਖ ਸੰਸਥਾ ਦੇ ਇੱਕ ਫਰਜੀ ਐਕਸ ਖਾਤੇ ਨੂੰ ਲੈ ਕੇ ਕਾਰਵਾਈ ਆਰੰਭ ਕਰਦਿਆਂ ਟਵਿੱਟਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਕਾਨੂੰਨੀ ਨੋਟਿਸ ਸ਼੍ਰੋਮਣੀ ਕਮੇਟੀ ਦੀ 20 ਨਵੰਬਰ 2023 ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੇ ਫੈਸਲੇ ਅਨੁਸਾਰ ਸੰਸਥਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵੱਲੋਂ ਭੇਜਿਆ ਗਿਆ ਹੈ।

ਐਡਵੋਕੇਟ ਸਿਆਲੀ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਐਕਸ ਜਿਹੇ ਸੋਸ਼ਲ ਮੀਡੀਆ ਮੰਚਾਂ ਵੱਲੋਂ ਜਾਹਲੀ ਖਾਤਿਆਂ ਦੀ ਨੀਤੀ ਹੇਠ ਕਿਸੇ ਵੀ ਧਰਮ ਜਾਂ ਧਾਰਮਿਕ ਸੰਸਥਾ ਵਿਰੁੱਧ ਨਫ਼ਰਤੀ ਪ੍ਰਚਾਰ ਫੈਲਾਉਣਾ ਅਤੇ ਇਸ ਨੂੰ ਹੱਲਾਸ਼ੇਰੀ ਦੇਣੀ ਭਾਰਤੀ ਦੰਡ ਪ੍ਰਣਾਲੀ, ਸੂਚਨਾ ਤਕਨਾਲੋਜੀ ਐਕਟ 2001 ਅਤੇ ਸੂਚਨਾ ਤਕਨਾਲੋਜੀ ਨਿਯਮਾਂ 2021 ਦੀ ਉਲੰਘਣਾ ਹੈ। ਇਹ ਵਰਤਾਰਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸ ਨੂੰ ਸੱਟ ਮਾਰਨ ਲਈ ਕੀਤਾ ਜਾ ਰਿਹਾ ਹੈ। ਇਸ ਹਰਕਤ ਨਾਲ ਸਮਾਜ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ, ਲਿਹਾਜ਼ਾ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ, ਨਹੀਂ ਤਾਂ ਸ਼੍ਰੋਮਣੀ ਕਮੇਟੀ ਹਰ ਪੱਧਰ ’ਤੇ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਤੋਂ ਪਿੱਛੇ ਨਹੀਂ ਹਟੇਗੀ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸਿੱਖਾਂ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਾਹਲੀ ਐਕਸ ਖਾਤਾ ਸਾਹਮਣੇ ਆਉਣ ’ਤੇ ਮਾਮਲਾ ਇਸ ਸੋਸ਼ਲ ਮੀਡੀਆ ਪਲੇਟਫਾਰਮ ਪਾਸ ਉਠਾਇਆ ਗਿਆ ਸੀ, ਪਰੰਤੂ ਲਿਖਾਪੜ੍ਹੀ ਦੌਰਾਨ ਉਨ੍ਹਾਂ ਨੇ ਇਸ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਫਰਜੀ ਖਾਤੇ ’ਤੇ ਸਿੱਖ ਸੰਸਥਾ ਕਮੇਟੀ ਅਤੇ ਸਿੱਖ ਕੌਮ ਵਿਰੁੱਧ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਸ ਸੋਸ਼ਲ ਮੀਡੀਆ ’ਤੇ ਅਜਿਹੀਆਂ ਹਰਕਤਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਸਰਕਾਰਾਂ ਨੂੰ ਲਿਖਿਆ ਜਾ ਚੁੱਕਾ ਹੈ, ਨਫ਼ਰਤੀ ਪ੍ਰਚਾਰ ਨੂੰ ਰੋਕਣਾ ਸਰਕਾਰਾਂ ਦਾ ਫਰਜ ਹੈ, ਪਰ ਇਸ ਨੂੰ ਰੋਕਣ ਪ੍ਰਤੀ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਸ਼੍ਰੋਮਣੀ ਕਮੇਟੀ ਵਿਰੁੱਧ ਸਾਜ਼ਸ਼ੀ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਸ਼੍ਰੋਮਣੀ ਕਮੇਟੀ ਦਾ ਅਧਿਕਾਰਤ ਟਵਿੱਟਰ ਖਾਤਾ @SGPCAmirtsar ਹੈ ਜਦਕਿ ਸ਼ਰਾਰਤੀ ਲੋਕਾਂ ਵੱਲੋਂ ਇੱਕ ਜਾਹਲੀ ਖਾਤਾ @SGPCAmirtsar_ ਬਣਾ ਕੇ ਸੰਸਥਾ ਅਤੇ ਸਿੱਖ ਕੌਮ ਵਿਰੁੱਧ ਨਫ਼ਰਤੀ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸ ਫਰਜੀ ਖਾਤੇ ’ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਲੋਗੋ ਅੰਦਰ ਦਰਜ ਧਾਰਮਿਕ ਚਿੰਨ੍ਹਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ।

Leave a Reply

Your email address will not be published. Required fields are marked *