ਅੰਮ੍ਰਿਤਸਰ ਜ਼ਿਲਾ ‘ਚ ਐਸਜੀਪੀਸੀ ਦੀਆਂ ਆਗਾਮੀ ਚੋਣਾਂ ਲਈ ਵੱਡੀ ਸਿੱਖ ਆਬਾਦੀ ਹੋਣ ਦੇ ਬਾਵਜੂਦ ਗੁਰੂ ਨਗਰੀ ਦੇ ਸਿੱਖ ਵੋਟਰਾਂ ਵਿੱਚ ਵੋਟਾਂ ਪ੍ਰਤੀ ਕੋਈ ਉਤਸ਼ਾਹ ਨਹੀਂ ਦਿੱਖ ਰਿਹਾ। ਸ੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਰ ਕੇਵਲ 29 ਫਰਵਰੀ 2024 ਤੱਕ ਰਜਿਸਟਰੇਸ਼ਨ ਕਰ ਸਕਦੇ ਹਨ। ਹੁਣ ਤੱਕ ਜ਼ਿਲ੍ਹੇ ਵਿੱਚ ਕੇਵਲ 69 ਹਜ਼ਾਰ ਦੇ ਕਰੀਬ ਹੀ ਵੋਟ ਬਣਨ ਕਰਕੇ ਚੋਣ ਅਧਿਕਾਰੀ ਤੇ ਸੰਭਾਵਿਤ ਉਮੀਦਵਾਰ ਵੀ ਚਿੰਤੀਤ ਹਨ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਨੇ ਸ੍ਰੋਮਣੀ ਕਮੇਟੀ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਾਉਣ ਵਾਸਤੇ ਜ਼ਿਲੇ ਦੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਹਲਕੇ ‘ਚ ਵਿਸ਼ੇਸ਼ ਕੈਂਪ ਲਗਾ ਕੇ, ਹਰ ਘਰ ਵਿੱਚ ਜਾ ਕੇ ਵੱਧ ਤੋਂ ਵੱਧ ਵੋਟਾਂ ਬਣਾ ਸਕਦੇ ਹਨ।
ਉਨਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਕਿਹਾ ਕਿ ਸਾਡੇ ਕੋਲ ਆਮ ਚੋਣਾਂ ਲਈ 19 ਲੱਖ ਦੇ ਕਰੀਬ ਦੇ ਵੋਟਰ ਹਨ ਅਤੇ 2011 ਦੀਆਂ ਚੋਣਾਂ ਵਿਚ ਵੋਟਰਾਂ ਦੀ ਗਿਣਤੀ ਵੀ ਛੇ ਲੱਖ ਦੇ ਨੇੜੇ ਸੀ, ਜਦਕਿ ਹੁਣ ਤੱਕ ਸਾਡੇ ਕੋਲ 68849 ਵੋਟਰਾਂ ਨੇ ਹੀ ਸ੍ਰੋਮਣੀ ਗੁਰਦੁਆਰਾ ਕਮੇਟੀ ਲਈ ਆਪਣੇ ਫਾਰਮ ਜਮਾ ਕਰਵਾਏ ਹਨ, ਜੋ ਕਿ ਕਿਸੇ ਤਰਾਂ ਵੀ ਤਰਕ ਸੰਗਤ ਨਹੀਂ।
ਅੰਮ੍ਰਿਤਸਰ ਵਿੱਚ ਸਿੱਖ ਅਬਾਦੀ ਵੱਡੀ ਗਿਣਤੀ ਵਿੱਚ ਹੈ, ਇਸ ਲਈ ਵੱਧ ਤੋਂ ਵੱਧ ਵੋਟਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟ ਦੀ ਚੋਣਾਂ ਲਈ ਦਰਜ ਕਰਨੇ ਯਕੀਨੀ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ ਤੇ ਹਰੇਕ ਯੋਗ ਵੋਟਰ ਆਪਣੇ ਫਾਰਮ ਹਲਕਾ ਪਟਵਾਰੀ ਜਾਂ ਬੀ ਐਲ ਓ ਨੂੰ ਦੇਵੇ। ਇਸ ਵਾਰ ਸਿੱਖ ਵੋਟਰਾਂ ‘ਚ ਵੋਟਾਂ ਪ੍ਰਤੀ ਫ਼ਿਲਹਾਲ ਕੋਈ ਉਤਸ਼ਾਹ ਨਹੀਂ ਨਜ਼ਰ ਨਹੀਂ ਆ ਰਿਹਾ।