ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੀ ਰਾਮ ਮੰਦਿਰ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਸੱਦਾ ਰਾਸ਼ਟਰੀ ਸਿੱਖ ਸੰਗਤ, ਸਮਾਜਿਕ ਸਮਰਸਤਾ ਦੇ ਉਤਰ ਭਾਰਤ ਦੇ ਸੰਯੋਜਕ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਦੇ ਆਗੂਆਂ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਪੁੱਜ ਕੇ ਦਿੱਤਾ ਗਿਆ।
ਆਗੂਆਂ ਨੇ 22 ਜਨਵਰੀ ਦੇ ਸਮਾਗਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਰਸਮੀ ਤੌਰ ਤੇ ਸੱਦਾ ਪੱਤਰ ਦਿੱਤਾ। ਜਥੇਦਾਰ ਨੂੰ ਪਹਿਲਾਂ ਸੱਦਾ ਪੱਤਰ ਫੋਨ ਤੇ ਡਾਕ ਰਾਹੀ ਦਿੱਤਾ ਜਾ ਚੁੱਕਾ ਹੈ। ਜਥੇਦਾਰ ਦੀ ਗੈਰ ਹਾਜ਼ਰੀ ਵਿੱਚ ਇਹ ਸੱਦਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਸ਼੍ਰੀ ਜ਼ਸਪਾਲ ਸਿੰਘ ਨੇ ਹਾਸਲ ਕੀਤਾ।
ਸਮਾਜਿਕ ਸਮਰਸਤਾ ਦੇ ਸੰਯੋਜਕ ਸ੍ਰੀ ਪ੍ਰਮੋਦ ਨੇ ਦੱਸਿਆ ਕਿ ਅਸੀ ਬਾਕੀ ਧਰਮਾਂ ਦੇ ਮੁੱਖੀ ਸਹਿਬਾਨ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੱਦਾ ਪੱਤਰ ਦੇਣ ਲਈ ਆਏ ਹਾਂ, ਇਸ ਤੋਂ ਇਲਾਵਾ ਉਨ੍ਹਾਂ ਕਿਹਾ ਅਯੌਧਿਆ ਵਿੱਚ ਸ੍ਰੀ ਰਾਮਲੱਲਾ ਮੰਦਿਰ ਵਿੱਖੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋਣ ਜਾ ਰਿਹਾ ਹੈੇ। ਪੰਜਾਬ ਵਿੱਚ 92 ਦੇ ਕਰੀਬ ਅਜਿਹੀਆਂ ਸੰਸਥਾਵਾਂ ਹਨ ਜਿੰਨਾਂ ਦੇ ਮੁੱਖੀ ਸਾਹਿਬਾਨ ਦੇ ਨਾਲ-ਨਾਲ ਪੰਜਾਬ ਦੇ ਤਿੰਨ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਨਾਂ ਦੇ ਗ੍ਰਹਿ ਹੁਸ਼ਿਆਰਪੁਰ ਵਿੱਖੇ ਮਿਲ ਕੇ ਸੱਦਾ ਪੱਤਰ ਦਿੱਤਾ ਹੈ। ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਜਥੇਦਾਰ ਇਸ ਸਮਾਗਮ ਵਿੱਚ ਜਰੂਰ ਸ਼ਾਮਿਲ ਹੋਣਗੇ।
ਇਸ ਮੌਕੇ ‘ਤੇ ਸਮਾਜਿਕ ਸਮਰਸਤਾ ਉੱਤਰ ਭਾਰਤ ਦੇ ਸੰਯੋਜਕ ਸ੍ਰੀ ਪ੍ਰਮੋਦ, ਸਹਿ ਸੰਪਰਕ ਪ੍ਰਮੁੱਖ ਉੱਤਰ ਭਾਰਤ ਸ੍ਰੀ ਜਸਬੀਰ, ਰਾਸ਼ਟਰੀ ਜਨਰਲ ਸੈਕਟਰੀ ਰਾਸ਼ਟਰੀ ਸਿੱਖ ਸੰਗਤ ਰਘਬੀਰ ਸਿੰਘ , ਜਨਰਲ ਸਕੱਤਰ ਪੰਜਾਬ ਪ੍ਰਭਾਰੀ ਜੰਮੂ ਕਸ਼ਮੀਰ ਸੰਦੀਪ ਸਿੰਘ ਦੇ ਨਾਲ ਨਾਲ ਜਸਬੀਰ ਸਿੰਘ ਜੀ ਸ਼ੇਰਾ ਵੀ ਹਾਜ਼ਰ ਸਨ।