ਪੰਜਾਬ-ਹਰਿਆਣਾ ਨੂੰ ਬਿਜਲੀ ਅਤੇ ਪਾਣੀ ਦੇਣ ਲਈ ਅੱਜ ਸਵੇਰੇ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਪਾਣੀ ਛੱਡਿਆ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ 2 ਦਿਨ ਪਹਿਲਾਂ ਇਸ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਸੀ। ਐਸਡੀਐਮ ਨੰਗਲ ਨੇ ਲੋਕਾਂ ਨੂੰ ਦਰਿਆ ਕੰਢੇ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ।
ਜ਼ਿਕਰਯੋਗ, ਆਉਣ ਵਾਲੇ ਬਰਸਾਤੀ ਮੌਸਮ ਦੀ ਯੋਜਨਾ ਬਣਾਉਣ ਲਈ ਵਿਭਾਗ ਦੀ ਮੀਟਿੰਗ ਵੀ ਰੱਖੀ ਗਈ ਹੈ। ਅੱਜ ਸਵੇਰੇ 6 ਵਜੇ ਤੱਕ ਗੋਵਿੰਦ ਸਾਗਰ ਝੀਲ ਵਿੱਚ 23140 ਕਿਊਸਿਕ ਪਾਣੀ ਆ ਰਿਹਾ ਹੈ ਅਤੇ 22905 ਕਿਊਸਿਕ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ।
ਪ੍ਰਸ਼ਾਸਨ ਨੇ ਸਵੇਰੇ 8 ਵਜੇ ਨੰਗਲ ਡੈਮ ਤੋਂ 1000 ਕਿਊਸਿਕ ਪਾਣੀ ਛੱਡਣ ਦਾ ਸਮਾਂ ਤੈਅ ਕੀਤਾ ਹੈ, ਜਿਸ ਤੋਂ ਬਾਅਦ ਹਰ ਘੰਟੇ 1000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਵੇਲੇ ਸਤਲੁਜ ਦਰਿਆ ‘ਚ 640 ਕਿਊਸਿਕ ਪਾਣੀ ਪਹਿਲਾਂ ਹੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਅੱਜ ਕੁੱਲ 4500 ਕਿਊਸਿਕ ਪਾਣੀ ਛੱਡਣ ਦੀ ਯੋਜਨਾ ਹੈ, ਜਿਸ ਨਾਲ ਨਾ ਸਿਰਫ਼ ਪੰਜਾਬ ਬਲਕਿ ਹਰਿਆਣਾ ਅਤੇ ਰਾਜਸਥਾਨ ਦੇ ਵੱਡੇ ਖੇਤਰਾਂ ਨੂੰ ਵੀ ਫਾਇਦਾ ਹੋਵੇਗਾ।
ਅਧਿਕਾਰੀ ਸਤਲੁਜ ਦਰਿਆ ਦੇ ਨਾਲ ਲੱਗਦੇ ਵਸਨੀਕਾਂ ਨੂੰ ਪਾਣੀ ਦੇ ਪੱਧਰ ਵਧਣ ਦੀ ਸੰਭਾਵਨਾ ਦੇ ਕਾਰਨ ਪਾਣੀ ਦੇ ਕਿਨਾਰੇ ਤੋਂ ਦੂਰ ਰਹਿਣ ਦੀ ਚੇਤਾਵਨੀ ਦੇ ਰਹੇ ਹਨ। ਭਾਖੜਾ ਡੈਮ ਵਿੱਚ ਇਸ ਸਮੇਂ ਪਿਛਲੇ ਸਾਲ ਨਾਲੋਂ ਵੱਧ ਪਾਣੀ ਹੈ, ਜਿਸ ਕਾਰਨ ਡੈਮ ਪ੍ਰਬੰਧਨ ਨੂੰ ਹੜ੍ਹਾਂ ਤੋਂ ਬਚਣ ਲਈ ਸਮੇਂ-ਸਮੇਂ ‘ਤੇ ਪਾਣੀ ਛੱਡਣ ਲਈ ਕਿਹਾ ਗਿਆ ਹੈ।