ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ CM ਭਗਵੰਤ ਮਾਨ ਆਪਣੀ ਪਤਨੀ ਨਾਲ ਮੋਹਾਲੀ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜ਼ਿਕਰਯੋਗ, ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਹਿਲੀ ਵਾਰ CM ਮਾਨ ਕਿਸੇ ਜਨਤਕ ਸਥਾਨ ‘ਤੇ ਪਹੁੰਚੇ ਹਨ।
ਇਸ ਮੌਕੇ CM ਨੇ 13-0 ਵਾਲੇ ਬਿਆਨ ‘ਤੇ ਕਿਹਾ ਕਿ, ਪਿਛਲੀਆਂ ਚੋਣਾਂ ‘ਚ ਉਹ ਸਿਰਫ਼ ਇਕੱਲੇ ਸੰਗਰੂਰ ਤੋਂ ਸੰਸਦ ਮੈਂਬਰ ਸਨ ਤੇ ਉਨ੍ਹਾਂ ਦੀਆਂ 7.50 ਫ਼ੀਸਦੀ ਵੋਟਾਂ ਸਨ ਤੇ ਇਸ ਵਾਰ ਉਨ੍ਹਾਂ ਦੇ ਮੈਂਬਰ ਜਿੱਤੇ ਹਨ ਤੇ ਉਨ੍ਹਾਂ ਦਾ ਵੋਟ ਫ਼ੀਸਦ 26 ਹੈ। CM ਮਾਨ ਨੇ ਕਿਹਾ ਕਿ ਕਾਂਗਰਸ ਦਾ ਵੋਟ ਫੀਸਦੀ ਪਿਛਲੀਆਂ ਚੋਣਾਂ ‘ਚ 40 ਫ਼ੀਸਦੀ ਸੀ ਪਰ ਇਸ ਵਾਰ 26 ‘ਤੇ ਆ ਗਿਆ ਹੈ ਤੇ BJP ਪੰਜਾਬ ‘ਚੋਂ ਖ਼ਤਮ ਹੋ ਗਈ ਹੈ।
ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਨਤੀਜੇ ਉਮੀਦ ਮੁਤਾਬਕ ਨਹੀਂ ਆਏ ਪਰ ਉਹ ਉਨ੍ਹਾਂ ਦੀ ਸੀਮੀਖਿਆ ਕਰ ਰਹੇ ਹਨ। ਉਨ੍ਹਾਂ ਮਜ਼ਾਕੀਆਂ ਅੰਦਾਜ਼ ‘ਚ ਕਿਹਾ ਕਿ ਆਪਣੇ ਦੇਸ਼ ‘ਚ ਤਾਂ ਇੰਝ ਹੈ ਕਿ ਜੇ ਤੋਪ ਦਾ ਲਾਇਸੈਂਸ ਅਪਲਾਈ ਕਰਾਂਗੇ ਤਾਂ ਹੀ ਪਿਸਤੌਲ ਦਾ ਮਿਲਦਾ ਜੇ ਪਹਿਲਾਂ ਹੀ ਪਿਸਤੌਲ ਦਾ ਮੰਗਾਂਗੇ ਤਾਂ ਗੁਲੇਲ ਦਾ ਵੀ ਨਹੀਂ ਦਿੰਦੇ।
ਇਸ ਤੋਂ ਇਲਾਵਾ CM ਭਗਵੰਤ ਮਾਨ ਨੇ ਕਿਹਾ ਕਿ ਅਸੀਂ ਮਿਹਨਤ ਪੱਖੋਂ ਕੋਈ ਕਸਰ ਨਹੀਂ ਛੱਡੀ ਪਰ ਲੋਕਾਂ ਦਾ ਫ਼ੈਸਲਾ ਸਿਰ ਮੱਥੇ ਹਨ। ਢਾਈ ਮਹੀਨਿਆਂ ਤੱਕ ਚੋਣ ਜ਼ਾਬਤਾ ਚੱਲਿਆ ਹੈ ਜਿਸ ਨਾਲ ਕਈ ਕੰਮ ਰੁਕ ਗਏ ਸਨ ਪਰ ਹੁਣ ਅਫ਼ਸਰਾਂ ਨਾਲ ਮੀਟਿੰਗਾਂ ਕਰਕੇ ਉਹ ਕੰਮ ਮੁੜ ਤੋਂ ਸ਼ੁਰੂ ਕਰ ਦਿੱਤੇ ਗਏ ਹਨ।