ਕੈਨੇਡਾ ‘ਚ ਪੜ੍ਹ ਰਹੇ ਲੁਧਿਆਣਾ ਦੇ ਇੱਕ ਵਿਦਿਆਰਥੀ ਦੀ ਕੈਨੇਡਾ ਦੇ ਸਰੀ ‘ਚ 4 ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਚੱਲਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੀੜਤ ਯੁਵਰਾਜ ਗੋਇਲ 28 ਸਾਲਾ ਲੁਧਿਆਣਾ ਦੇ ਰਿਸ਼ੀ ਨਗਰ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
ਜ਼ਿਕਰਯੋਗ, ਅਜੇ ਉਸਦਾ ਵਿਆਹ ਨਹੀਂ ਹੋਇਆ ਸੀ। ਕੈਨੇਡੀਅਨ ਪੁਲਿਸ ਨੇ 7 ਜੂਨ ਨੂੰ ਵਾਪਰੀ ਇਸ ਘਟਨਾ ਦੇ ਸਬੰਧ ‘ਚ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਵੀਰ ਬਸਰਾ, ਬਸਰਾ ਸਾਹਿਬ, ਹਰਕੀਰਤ, ਕੇਲੋਨ ਫਰੈਂਕੋਇਸ ਵਜੋਂ ਹੋਈ ਹੈ। ਪੁਲਿਸ ਨੇ ਇਸ ਨੂੰ ਗਲਤ ਪਛਾਣ ਦਾ ਮਾਮਲਾ ਦੱਸਿਆ ਹੈ।
ਹਮਲੇ ਤੋਂ ਪਹਿਲਾ ਯੁਵਰਾਜ ਜਿਮ ਤੋਂ ਪਰਤਦਿਆਂ ਫੋਨ ’ਤੇ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ। ਜਿਵੇਂ ਹੀ ਉਹ ਆਪਣੇ ਘਰ ਦੀ ਪਾਰਕਿੰਗ ਕੋਲ ਪੁੱਜਾ ਤਾਂ ਉਸ ਨੇ ਫੋਨ ਕੱਟ ਦਿੱਤਾ। ਕੁਝ ਸਮੇਂ ਬਾਅਦ ਕਿਸੇ ਨੇ ਯੁਵਰਾਜ ਨੂੰ ਇਮਾਰਤ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਕੀ ਉਹ ਇਸ ‘ਚ ਰਹਿੰਦਾ ਹੈ, ਜਿਵੇਂ ਹੀ ਉਸ ਨੇ ‘ਹਾਂ’ ਕਿਹਾ ਤਾਂ ਉਸ ਦੇ 6 ਗੋਲੀਆਂ ਮਾਰੀਆਂ ਗਈਆਂ।
ਇਸ ਦੇ ਨਾਲ ਹੀ ਯੁਵਰਾਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਜਦੋਂ ਹਮਲਾ ਹੋਇਆ ਤਾਂ ਯੁਵਰਾਜ ਆਪਣੀ ਮਾਂ ਨਾਲ ਫ਼ੋਨ ‘ਤੇ ਸੀ ਅਤੇ ਗੱਲਬਾਤ ਰਿਕਾਰਡ ਕੀਤੀ ਗਈ, ਜਿਸ ਨਾਲ ਘਟਨਾ ਬਾਰੇ ਹੋਰ ਜਾਣਕਾਰੀ ਦਿੱਤੀ ਗਈ।