ਗਰਮੀਆਂ ਦੀਆਂ ਛੁੱਟੀਆਂ ਦੌਰਾਨ ਟਰੇਨਾਂ ‘ਚ ਯਾਤਰੀਆਂ ਦੀ ਜ਼ਿਆਦਾ ਗਿਣਤੀ ਕਾਰਨ ਰੇਲਵੇ ਵਿਭਾਗ ਲੰਬੀ ਦੂਰੀ ਦੀਆਂ ਟਰੇਨਾਂ ‘ਚ ਵਾਧੂ ਕੋਚ ਜੋੜ ਰਿਹਾ ਹੈ। ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ਵਧਦੀ ਮੰਗ ਨੂੰ ਪੂਰਾ ਕਰਨ ਲਈ ਅਪ੍ਰੈਲ ਅਤੇ ਮਈ ‘ਚ ਲੰਬੀ ਦੂਰੀ ਦੀਆਂ ਰੇਲ ਗੱਡੀਆਂ ‘ਚ 34 ਵਾਧੂ ਕੋਚ ਸ਼ਾਮਲ ਕੀਤੇ ਹਨ।
ਇਸ ਦੇ ਨਾਲ ਹੀ ਗਰਮੀਆਂ ਦੌਰਾਨ, ਯਾਤਰੀਆਂ ਦੀ ਗਿਣਤੀ ਵਧਣ ਕਾਰਨ ਲੋਕਾਂ ਲਈ ਰੇਲ ਗੱਡੀਆਂ ‘ਚ ਸੀਟ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਜ਼ਿਕਰਯੋਗ ਇਸ ਮੁੱਦੇ ਨੂੰ ਹੱਲ ਕਰਨ ਲਈ, ਰੇਲਵੇ ਅਧਿਕਾਰੀ ਭਾਰੀ ਬੁੱਕ ਕੀਤੀਆਂ ਰੇਲ ਗੱਡੀਆਂ ਦਾ ਮੁਆਇਨਾ ਕਰਦੇ ਹਨ ਅਤੇ ਉਡੀਕ ਸੂਚੀ ਵਾਲੇ ਯਾਤਰੀਆਂ ਦੇ ਅਨੁਕੂਲਣ ਲਈ ਹੋਰ ਡੱਬੇ ਜੋੜਦੇ ਹਨ।
ਅਪ੍ਰੈਲ ਅਤੇ ਮਈ 2024 ਦੌਰਾਨ, ਫਿਰੋਜ਼ਪੁਰ ਮੰਡਲ ਨੇ ਵੱਖ-ਵੱਖ ਟਰੇਨਾਂ ‘ਚ 34 ਵਾਧੂ ਕੋਚ ਸ਼ਾਮਲ ਕੀਤੇ, ਜਿਨ੍ਹਾਂ ‘ਚ 5 ਏਅਰ ਕੰਡੀਸ਼ਨਡ, 2 ਥਰਡ ਏਅਰ ਕੰਡੀਸ਼ਰ ਇਕੋਨਾਮੀ, 14 ਸਲੀਪਰ, 1 ਸੈਕੰਡ ਸੀਟਿੰਗ, ਅਤੇ 12 ਜਨਰਲ ਕੋਚ ਸ਼ਾਮਲ ਹਨ। ਇਸ ਨਾਲ ਲਗਭਗ 2600 ਯਾਤਰੀਆਂ ਦੇ ਬੈਠਣ ‘ਚ ਮਦਦ ਮਿਲੀ ਅਤੇ ਗਰਮੀਆਂ ਦੌਰਾਨ ਭੀੜ-ਭੜੱਕੇ ਨੂੰ ਘੱਟ ਕਰਨ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ।
ਇਸ ਤੋਂ ਇਲਾਵਾ ਫਿਰੋਜ਼ਪੁਰ ਡਿਵੀਜ਼ਨ ‘ਚ ਭੀੜ-ਭੜੱਕੇ ਨੂੰ ਘੱਟ ਕਰਨ ਲਈ 12 ਜੋੜੇ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ। ਇਨ੍ਹਾਂ ਵਿਸ਼ੇਸ਼ ਰੇਲਗੱਡੀਆਂ ‘ਚ ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਵਾਰਾਣਸੀ ਅਤੇ ਜੰਮੂ ਤੋਂ ਉਦੈਪੁਰ ਸ਼ਹਿਰ ਵਰਗੇ ਰੂਟ ਸ਼ਾਮਲ ਹਨ। ਇਨ੍ਹਾਂ ਟਰੇਨਾਂ ਦੇ ਵਾਧੂ ਡੱਬਿਆਂ ਨੇ ਸਟੇਸ਼ਨਾਂ ਵਿਚਕਾਰ ਉਡੀਕ ਸੂਚੀਆਂ ਨੂੰ ਸਾਫ਼ ਕਰਨ ‘ਚ ਮਦਦ ਕੀਤੀ ਹੈ।