ਪੰਜਾਬ ‘ਚ ਅਸਮਾਨ ਤੋਂ ਅੱਗ ਵਰਗੀ ਗਰਮੀ ਪੈ ਰਹੀ ਹੈ, ਜਿਸ ਨਾਲ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਅੱਤ ਦੀ ਗਰਮੀ ਨੂੰ ਲੈ ਕੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। ਝੁਲਸਣ ਵਾਲੇ ਤਾਪਮਾਨ ਨੂੰ ਬਿਨਾਂ ਕਿਸੇ ਰਾਹਤ ਦੇ ਜਾਰੀ ਰਹਿਣ ਦੀ ਉਮੀਦ ਹੈ ਅਤੇ ਆਉਣ ਵਾਲੇ ਦਿਨਾਂ ਲਈ ਗਰਮੀ ਦੀ ਲਹਿਰ ਦੀ ਚੇਤਾਵਨੀ ਦਿੱਤੀ ਗਈ ਹੈ।
ਹਰਿਆਣਾ ‘ਚ ਵੀ ਅੱਤ ਦੀ ਗਰਮੀ ਪੈ ਰਹੀ ਹੈ, ਬਹੁਤੇ ਜ਼ਿਲ੍ਹਿਆਂ ‘ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ, ਸਿਰਸਾ ‘ਚ 47.01 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਰੈੱਡ ਅਤੇ ਆਰੇਂਜ ਅਲਰਟ ਜਾਰੀ ਕੀਤਾ ਹੈ ਤਾਂ ਜੋ ਖ਼ਤਰਨਾਕ ਹੀਟ ਵੇਵ ਸਥਿਤੀਆਂ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਜਾ ਸਕੇ। ਅੰਮ੍ਰਿਤਸਰ ‘ਚ 25 ਮਈ ਨੂੰ ਨੌਟਪਾ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਤਾਪਮਾਨ ‘ਚ ਵਾਧਾ ਹੋਵੇਗਾ।
ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਵਰਗੇ ਸ਼ਹਿਰਾਂ ‘ਚ ਮੌਸਮ 44 ਡਿਗਰੀ ਸੈਲਸੀਅਸ ਦੇ ਆਸਪਾਸ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ‘ਚ ਗਰਮੀ ਹੋਰ 5 ਦਿਨ ਜਾਰੀ ਰਹੇਗੀ, ਲੋਕਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਘਰ ਦੇ ਅੰਦਰ ਰਹਿਣ, ਹਲਕੇ ਸੂਤੀ ਕੱਪੜੇ ਪਹਿਨਣ, ਹਾਈਡਰੇਟਿਡ ਰਹਿਣ ਅਤੇ ਖਾਣਾ ਨਾ ਛੱਡਣ ਦੀ ਸਲਾਹ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ ਜਿਵੇਂ ਕਿ ਬਠਿੰਡਾ, ਪਠਾਨਕੋਟ, ਬਰਨਾਲਾ, ਫਿਰੋਜ਼ਪੁਰ ਅਤੇ ਸਮਰਾਲਾ ‘ਚ ਵੀ ਤਾਪਮਾਨ 44 ਡਿਗਰੀ ਤੋਂ ਉੱਪਰ ਰਿਹਾ ਹੈ, ਜਿਸ ‘ਚ ਬਠਿੰਡਾ ਸਭ ਤੋਂ ਗਰਮ ਰਿਹਾ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ‘ਚ ਤਾਪਮਾਨ 47 ਡਿਗਰੀ ਤੋਂ ਪਾਰ ਹੋ ਸਕਦਾ ਹੈ।