ਪੰਜਾਬ ‘ਚ ਭਿਆਨਕ ਅਤੇ ਅੱਤ ਦੀ ਗਰਮੀ ਨੂੰ ਲੈ ਕੇ ਰੈੱਡ ਅਲਰਟ ਦੇ ਚੱਲਦਿਆਂ ਸਰਕਾਰ ਨੇ 21 ਮਈ ਤੋਂ 30 ਮਈ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਹੈ ਕਿਉਂਕਿ ਸਕੂਲ ਦੇ ਸਮੇਂ ‘ਚ ਬਦਲਾਅ ਦੇ ਬਾਵਜੂਦ ਵੀ ਬੱਚੇ ਅਜੇ ਵੀ ਅੱਤ ਦੀ ਗਰਮੀ ਨਾਲ ਜੂਝ ਰਹੇ ਹਨ।
ਇਸ ਐਲਾਨ ਸਬੰਧੀ ਸਿੱਖਿਆ ਵਿਭਾਗ ਜਲਦੀ ਹੀ ਲਿਖਤੀ ਹੁਕਮ ਜਾਰੀ ਕਰੇਗਾ। ਇਸ ਤੋਂ ਪਹਿਲਾਂ, ਵਿਭਾਗ ਨੇ ਗਰਮੀ ਦੇ ਐਲਰਟ ‘ਤੇ ਚਰਚਾ ਕੀਤੀ ਸੀ ਅਤੇ ਸਕੂਲਾਂ ਦਾ ਸਮਾਂ ਬਦਲਿਆ ਸੀ, ਜਿਸ ਨਾਲ ਸਕੂਲ 30 ਮਈ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ। ਜ਼ਿਕਰਯੋਗ, ਗਰਮੀਆਂ ਦੀਆਂ ਛੁੱਟੀਆਂ 1 ਜੂਨ ਤੋਂ 30 ਜੂਨ ਤੱਕ ਹੋਣਗੀਆਂ।
ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵੱਧ ਤੋਂ ਵੱਧ ਪਾਣੀ ਪੀਓ, ਹਲਕੇ ਰੰਗ ਦੇ ਕੱਪੜੇ ਪਹਿਨਣੇ, ਘਰ ਤੋਂ ਬਾਹਰ ਨਿਕਲਦੇ ਸਮੇਂ ਸਿਰ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਢੱਕੋ। ਟੋਪੀ ਅਤੇ ਛੱਤਰੀ ਦੀ ਵਰਤੋਂ ਕਰੋ। ਅੱਖਾਂ ਦੀ ਸੁਰੱਖਿਆ ਲਈ ਐਨਕਾਂ ਅਤੇ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਦੀ ਵਰਤੋਂ ਕਰੋ।