BJP ਪੰਜਾਬ ਦੀਆਂ ਆਗਾਮੀ ਲੋਕ ਸਭਾ ਚੋਣਾਂ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਰਾਸ਼ਟਰੀ ਲੀਡਰਸ਼ਿਪ ਚੋਣਾਂ ਦੇ ਅੰਤਿਮ ਪੜਾਅ ਦੌਰਾਨ ਸੂਬੇ ‘ਚ ਸਰਗਰਮੀ ਨਾਲ ਪ੍ਰਚਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ, PM ਨਰਿੰਦਰ ਮੋਦੀ 23 ਅਤੇ 24 ਮਈ ਨੂੰ ਭਾਜਪਾ ਉਮੀਦਵਾਰਾਂ ਦੀਆਂ ਰੈਲੀਆਂ ਕਰਨ ਲਈ ਪੰਜਾਬ ਆਉਣ ਵਾਲੇ ਹਨ।
ਇਸ ਦੇ ਨਾਲ ਹੀ PM ਮੋਦੀ 23 ਮਈ ਨੂੰ ਪਟਿਆਲਾ ਅਤੇ ਮਹਿੰਦਰਗੜ੍ਹ ‘ਚ ਅਤੇ 24 ਮਈ ਨੂੰ ਗੁਰਦਾਸਪੁਰ ਅਤੇ ਜਲੰਧਰ ‘ਚ ਭਾਜਪਾ ਉਮੀਦਵਾਰਾਂ ਦੇ ਸਮਰਥਨ ‘ਚ ਚੋਣ ਪ੍ਰਚਾਰ ਕਰਨਗੇ। ਇਹ ਚੋਣ ਮਹੱਤਵਪੂਰਨ ਹੈ ਕਿਉਂਕਿ 2020 ‘ਚ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਅਕਾਲੀ ਦਲ ਵੱਲੋਂ NDA ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਪਹਿਲੀ ਵਾਰ ਪੰਜਾਬ ‘ਚ ਆਪਣੇ ਦਮ ‘ਤੇ ਚੋਣ ਲੜ ਰਹੀ ਹੈ।
ਇਸ ਤੋਂ ਇਲਾਵਾ ਸੂਬੇ ‘ਚ 1996 ਤੋਂ ਅਕਾਲੀ ਦਲ ਅਤੇ BJP ਰਵਾਇਤੀ ਤੌਰ ‘ਤੇ ਇਕੱਠੇ ਚੋਣਾਂ ਲੜਦੇ ਆ ਰਹੇ ਹਨ। 2019 ਦੀਆਂ ਚੋਣਾਂ ‘ਚ ਕਾਂਗਰਸ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚੋਂ 8 ਸੀਟਾਂ ਜਿੱਤੀਆਂ ਸਨ, ਜਦੋਂ ਕਿ BJP ਅਤੇ ਅਕਾਲੀ ਦਲ ਨੇ 2-2 ਸੀਟਾਂ ਅਤੇ ‘ਆਪ’ ਨੇ ਇੱਕ ਸੀਟ ਜਿੱਤੀ ਸੀ। ਇਸ ਵਾਰ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ 1 ਜੂਨ ਨੂੰ ਇੱਕੋ ਸਮੇਂ ਵੋਟਿੰਗ ਹੋਵੇਗੀ।