ਅੱਜ ਦੁਨੀਆ ਭਰ ‘ਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ, ਇੱਕ ਦਿਨ ਮਜ਼ਦੂਰਾਂ ਨੂੰ ਸਮਰਪਿਤ ਕਰਨ ਦਾ ਇੱਕ ਵੱਡਾ ਕਾਰਨ ਹੈ। ਹਰੇਕ ਦੇਸ਼ ‘ਚ ਮਜ਼ਦੂਰ ਦਿਵਸ ਮਨਾਉਣ ਦਾ ਮਕਸਦ ਅਲਗ ਹੋ ਸਕਦਾ ਹੈ ਪਰ ਸਮਾਜ ‘ਚ ਇਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਹੈ। ਮਜ਼ਦੂਰ ਸਮਾਜ ਦੇ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਂਦੇ ਹਨ। ਉਹ ਕਿਰਤ ਕਰਦੇ ਹਨ ਅਤੇ ਉਤਪਾਦਨ ਦਾ ਸੰਚਾਲਨ ਕਰਦੇ ਹਨ, ਜਿਸ ਨਾਲ ਸਮਾਜਿਕ ਅਤੇ ਆਰਥਿਕ ਵਿਕਾਸ ਸੰਭਵ ਹੁੰਦਾ ਹੈ।
ਜ਼ਿਕਰਯੋਗ, ਸਮਾਜ ‘ਚ ਮਜ਼ਦੂਰਾਂ ਦਾ ਯੋਗਦਾਨ ਨਾ ਸਿਰਫ਼ ਆਰਥਿਕ ਤੌਰ ‘ਤੇ ਸਗੋਂ ਉਨ੍ਹਾਂ ਦੇ ਅਧਿਕਾਰਾਂ ਅਤੇ ਸਮਾਜਿਕ ਰੁਤਬੇ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਹੈ। ਇਹ ਦਿਨ ਮਜ਼ਦੂਰਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਪਹਿਲੀ ਵਾਰ ਮਜ਼ਦੂਰ ਦਿਵਸ ਮਨਾਉਣ ਦਾ ਫੈਸਲਾ 1889 ‘ਚ ਕੀਤਾ ਗਿਆ ਸੀ। ਹਾਲਾਂਕਿ ਇਹ 1886 ਤੋਂ ਹੀ ਸ਼ੁਰੂ ਹੋ ਗਿਆ ਸੀ। ਇਹ ਉਸ ਵੇਲੇ ਤੋਂ ਮਨਾਇਆ ਜਾਂਦਾ ਹੈ, ਜਦੋਂ ਅਮਰੀਕਾ ਦੇ ਸ਼ਿਕਾਗੋ ‘ਚ ਮਰੀਕਾ ਮਜ਼ਦੂਰ ਸੜਕਾਂ ‘ਤੇ ਉਤਰ ਆਏ ਸਨ।
ਇਸ ਦੇ ਨਾਲ ਹੀ 1886 ਤੋਂ ਪਹਿਲਾਂ ਅਮਰੀਕਾ ‘ਚ ਅੰਦੋਲਨ ਸ਼ੁਰੂ ਹੋਇਆ ਸੀ, ਜਿਸ ‘ਚ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਹੋਇਆਂ ਹੜਤਾਲ ਸ਼ੁਰੂ ਕੀਤੀ ਸੀ। ਅੰਦੋਲਨ ਦਾ ਕਾਰਨ ਮਜ਼ਦੂਰਾਂ ਦੇ ਕੰਮ ਦੇ ਘੰਟੇ ਸਨ। ਉਦੋਂ ਇੱਕ ਦਿਨ ‘ਚ ਮਜ਼ਦੂਰ 15-15 ਘੰਟੇ ਕੰਮ ਕਰਦੇ ਸਨ। ਅੰਦੋਲਨ ਦੌਰਾਨ ਪੁਲਿਸ ਨੇ ਮਜ਼ਦੂਰਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਈ ਮਜ਼ਦੂਰਾਂ ਦੀ ਜਾਨ ਚਲੀ ਗਈ ਅਤੇ ਕਈ ਜ਼ਖਮੀ ਹੋ ਗਏ ਸਨ।
ਇਸ ਤੋਂ ਇਲਾਵਾ ਭਾਰਤ ‘ਚ ਮਜ਼ਦੂਰ ਦਿਵਸ ਅਮਰੀਕਾ ਵੱਲੋਂ 1 ਮਈ 1889 ਨੂੰ ਮਜ਼ਦੂਰ ਦਿਵਸ ਮਨਾਉਣ ਦੇ ਪ੍ਰਸਤਾਵ ਤੋਂ 34 ਸਾਲ ਬਾਅਦ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਜਦੋਂ ਦੇਸ਼ ‘ਚ ਮਜ਼ਦੂਰਾਂ ਨੇ ਅੱਤਿਆਚਾਰ ਅਤੇ ਸ਼ੋਸ਼ਣ ਦੇ ਖਿਲਾਫ ਆਵਾਜ਼ ਚੁੱਕੀ ਤਾਂ ਚੇਨਈ ‘ਚ ਪਹਿਲੀ ਵਾਰ 1 ਮਈ 1923 ਨੂੰ ਮਜ਼ਦੂਰ ਦਿਵਸ ਮਨਾਇਆ ਗਿਆ। ਮਜ਼ਦੂਰ ਕਿਸਾਨ ਪਾਰਟੀ ਹਿੰਦੁਸਤਾਨ ਦੀ ਪ੍ਰਧਾਨਗੀ ਹੇਠ ਮਜ਼ਦੂਰ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ।