ਕਿਸਾਨਾਂ ਦੇ ਉੱਘੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ CM ਅਰਵਿੰਦ ਕੇਜਰੀਵਾਲ ਮੈਨੂੰ ਪੰਜਾਬ ਦਾ CM ਬਣਾਉਣਾ ਚਾਹੁੰਦਾ ਸੀ, ਰੋਜ਼ ਸਾਨੂੰ ਆ ਕੇ ਕਹਿੰਦਾ ਸੀ ਮੇਰੀ ਸਪੋਰਟ ਕਰੋ। ਕੇਜਰੀਵਾਲ ਨਾਲ ਸਭ ਕੁਝ ਤੈਅ ਹੋ ਗਿਆ ਸੀ, ਪਰ ਮੈਨੂੰ ਵਿਧਾਨ ਸਭਾ ਚੋਣਾਂ ਲੜਨ ਦਾ ਪਛਤਾਵਾ ਹੈ। ਉਨ੍ਹਾਂ ਅੱਗੇ ਕਿਹਾ ਮੈਂ ਭਵਿੱਖ ‘ਚ ਕਦੇ ਵੀ ਚੋਣ ਨਹੀਂ ਲੜਾਂਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਨ ਲਈ BJP ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ‘ਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੀ ਸਰਹੱਦ ‘ਤੇ ਰੋਕ ਦਿੱਤਾ ਗਿਆ। ਅਸੀਂ ਕਿਸਾਨ ਹਾਂ, ਅਸੀਂ ਸੱਤਾ ਦੇ ਸਿਆਸੀ ਵਿਰੋਧੀ ਨਹੀਂ ਹਾਂ। BJP ਨੇ ਕਿਸਾਨਾਂ ਨਾਲ ਜੋ ਕੀਤਾ ਹੈ, ਇਸ ਲਈ ਅੱਜ ਉਨ੍ਹਾਂ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ। ਅਸੀਂ 13 ਮਹੀਨੇ ਦਿੱਲੀ ਦੀ ਸਰਹੱਦ ‘ਤੇ ਬੈਠੇ ਰਹੇ, ਹੁਣ ਤੁਸੀਂ ਵੀ ਥੋੜਾ ਬਰਦਾਸ਼ਤ ਕਰੋ।
ਇਸ ਤੋਂ ਇਲਾਵਾ ਰਾਜੇਵਾਲ ਨੇ ਸੰਸਦ ਮੈਂਬਰ ਅਤੇ BJP ਉਮੀਦਵਾਰ ਹੰਸਰਾਜ ਹੰਸ ‘ਤੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਨੇ ਵੀ ਸਰਕਾਰ ਬਣਾਉਣੀ ਹੈ, ਉਸ ਨੂੰ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ। ਕਾਰੋਬਾਰੀ ਕਦੇ ਵੀ ਸਰਕਾਰ ਦਾ ਵਿਰੋਧ ਨਹੀਂ ਕਰਦੇ, ਫਿਰ ਵੀ ਉਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਂਦੇ ਹਨ। ਦੇਸ਼ ‘ਚ ਧਰਮ ਦੇ ਨਾਂ ‘ਤੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ‘ਚ ਹਿੰਦੂ-ਸਿੱਖ-ਮੁਸਲਿਮ ਮਾਹੌਲ ਕਦੇ ਵੀ ਖ਼ਰਾਬ ਨਹੀਂ ਹੋਵੇਗਾ, ਜਿਨ੍ਹਾਂ ਆਗੂਆਂ ਨੇ ਲੋਕਾਂ ਦੀ ਗੱਲ ਕਰਨੀ ਸੀ ਉਹ ਆਪਣੀਆਂ ਪਾਰਟੀਆਂ ਬਦਲਣ ‘ਚ ਲੱਗੇ ਹੋਏ ਹਨ।