ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ‘ਚ ਗੁਰਬਚਨ ਸਿੰਘ ਵੱਲੋਂ ਕਿਰਪਾਨ ਪਹਿਨਣ ਦੇ ਮਾਮਲੇ ‘ਚ ਕੀਤੀ ਗਈ ਕਾਰਵਾਈ ਦੀ ਨਿਖੇਧੀ ਕੀਤੀ ਹੈ। ਪ੍ਰਧਾਨ ਧਾਮੀ ਨੇ ਦਲੀਲ ਦਿੱਤੀ ਕਿ ਸਿੱਖਾਂ ਨੂੰ ਭਾਰਤ ਦੇ ਨਾਲ-ਨਾਲ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਵਰਗੇ ਦੇਸ਼ਾਂ ‘ਚ ਕਿਰਪਾਨ ਪਹਿਨਣ ਦੀ ਆਜ਼ਾਦੀ ਹੈ। ਇਸ ਦੇ ਨਾਲ ਹੀ ਇਟਲੀ ਦੀ ਸਰਕਾਰ ਨੂੰ ਸਿੱਖ ਵਿਸ਼ਵਾਸਾਂ ਦਾ ਸਤਿਕਾਰ ਕਰਨ ਦੀ ਵੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ ਐਡਵੋਕੇਟ ਧਾਮੀ ਨੇ ਇਟਲੀ ਦੇ ਸਿੱਖ ਭਾਈਚਾਰੇ ਨੂੰ ਗੁਰਬਚਨ ਸਿੰਘ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ ਅਤੇ ਭਾਰਤ ਵਿੱਚ ਇਟਲੀ ਦੇ ਰਾਜਦੂਤ ਅਤੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ। ਐਡਵੋਕੇਟ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਵੀ ਦਖਲ ਦੇਣ ਅਤੇ ਗੁਰਬਚਨ ਸਿੰਘ ਵਿਰੁੱਧ ਦੋਸ਼ਾਂ ਨੂੰ ਰੱਦ ਕਰਨ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ ਹੈ।