ਦਿੱਲੀ ਸ਼ਰਾਬ ਘੁਟਾਲੇ ਵਿੱਚ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਜਰੀਵਾਲ ਲਗਾਤਾਰ ਤੀਜੀ ਵਾਰ ਵੀ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਮੂਹਰੇ ਪੇਸ਼ ਨਹੀਂ ਹੋਏ ਤੇ ਈ.ਡੀ..ਦੇ ਇਸ ਨੋਟਿਸ ਨੂੰ ਵੀ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ 2 ਨਵੰਬਰ ਤੇ 21 ਦਸੰਬਰ ਨੂੰ ਵੀ ਈ. ਡੀ. ਵੱਲੋਂ ਜਾਰੀ ਸੰਮਨ ਉੱਤੇ ਕੇਜਰੀਵਾਲ ਪੇਸ਼ ਨਹੀਂ ਹੋਏ ਸੀ। ਆਮ ਆਦਮੀ ਪਾਰਟੀ ਇਹ ਕਹਿ ਕੇ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਹੈ ਤਾਂ ਕਿ ਉਹ ਪ੍ਰਚਾਰ ਨਾ ਕਰ ਸਕਣ।
ਜਦ ਕਿ ਤੀਜੀ ਵਾਰ ਵੀ ਈ.ਡੀ. ਸਾਹਮਣੇ ਪੇਸ਼ ਨਾ ਹੋਣ ਤੋਂ ਬਾਅਦ ਜਿੱਥੇ ਭਾਜਪਾ ਵਲੋਂ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਹਮਲੇ ਕੀਤੇ ਗਏ, ਉਥੇ ਹੀ ਕਾਂਗਰਸ ਨੇ ਵੀ ਕੇਜਰੀਵਾਲ ਨੂੰ ਕਾਨੂੰਨ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ। ਤੀਜੇ ਪਾਸੇ ਈ.ਡੀ. ਵਲੋਂ ਹੁਣ ਅਗਲੀ ਕਾਰਵਾਈ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਤਿੰਨ ਵਾਰੀ ਕੇਜਰੀਵਾਲ ਦੇ ਇੰਨਕਾਰ ਕਰਨ ਤੋਂ ਬਾਅਦ ਹੁਣ ਈ.ਡੀ. ਦੇ ਅਧਿਕਾਰੀ ਕਾਨੂੰਨੀ ਟੀਮ ਨਾਲ ਸਲਾਹ ਕਰ ਰਹੇ ਹਨ ਕਿ ਜਾਂਚ ਏਜੰਸੀ ਦਾ ਅਗਲਾ ਕਦਮ ਕਿ ਹੋਣਾ ਚਾਹੀਦਾ ਹੈ।
ਈ.ਡੀ. ਅੱਗੇ ਪੇਸ਼ ਨਾ ਹੋਣ ਕਰਕੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਲਾਏ ਹਨ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਕੇਜਰੀਵਾਲ ਕੱਟੜ ਇਮਾਨਦਾਰ ਪਾਰਟੀ ਦੇ ਮੁੱਖੀ ਹਨ, ਸੱਚੇ ਹਨ, ਤਾਂ ਫਿਰ ਪੇਸ਼ ਹੋਣ ਤੋਂ ਡਰਦੇ ਕਿਉਂ ਹਨ। ਕੇਜਰੀਵਾਲ ਨੂੰ ਈ.ਡੀ. ਅੱਗੇ ਪੇਸ਼ ਹੋਣਾ ਚਾਹੀਦਾ ਹੈ ਤੇ ਕਾਨੂੰਨ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ।