ਅੱਜ SKM ਗੈਰ-ਸਿਆਸੀ ਅਤੇ SMM ਦੇ ਸੱਦੇ ‘ਤੇ ਸ਼ੰਭੂ ਬਾਰਡਰ ‘ਤੇ ਕਿਸਾਨ ਦੁਪਹਿਰ 12 ਵਜੇ ਰੇਲਾਂ ਰੋਕਣਗੇ। ਚੰਡੀਗੜ੍ਹ ‘ਚ ਹਰਿਆਣਾ ਤੇ ਪੰਜਾਬ ਸਰਕਾਰਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਕਿਸਾਨਾਂ ਨੇ 16 ਅਪ੍ਰੈਲ ਤੱਕ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਸੀ। ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ 3 ਕਿਸਾਨਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਨਹੀਂ ਕੀਤਾ ਗਿਆ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਲਖੀਮਪੁਰ ਖੀਰੀ ਅਤੇ ਸ਼ੁਬਕਰਨ ਕੇਸਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ WTO ਤੋਂ ਹਟਣ ਦੇ ਮੁੱਦੇ ‘ਤੇ ਸੱਤਾਧਾਰੀ ਪਾਰਟੀ ਭਾਜਪਾ ਅਤੇ ਵਿਰੋਧੀ ਧਿਰ ਦੋਵਾਂ ਨੂੰ ਉਨ੍ਹਾਂ ਦੇ ਰੁਖ ‘ਤੇ ਸਵਾਲ ਕਰਨ ਦਾ ਇਰਾਦਾ ਜ਼ਾਹਰ ਕੀਤਾ। ਵਿਰੋਧੀ ਧਿਰ ਨੇ ਕੁਝ ਮੰਗਾਂ ਨੂੰ ਪੂਰਾ ਨਹੀਂ ਕੀਤਾ, ਖਾਸ ਤੌਰ ‘ਤੇ ਮਨਰੇਗਾ ਅਤੇ 200 ਦਿਨਾਂ ਲਈ 700 ਰੁਪਏ ਦਿਹਾੜੀ ਬਾਰੇ।
ਪੰਧੇਰ ਨੇ ਦੱਸਿਆ ਕਿ ਉਹ ਪੰਜਾਬ BJP ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੇਸ਼ ਕੀਤੀ ਚੁਣੌਤੀ ਲਈ ਸਹਿਮਤ ਹੋ ਗਏ ਹਨ ਅਤੇ 23 ਅਪ੍ਰੈਲ ਨੂੰ ਮੀਟਿੰਗ ਤੈਅ ਕੀਤੀ ਹੈ। ਉਨ੍ਹਾਂ ਨੇ PM ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, BJP ਪ੍ਰਧਾਨ ਜੇਪੀ ਨੱਡਾ ਅਤੇ ਖੇਤੀਬਾੜੀ ਮੰਤਰੀ ਦੀ ਚਰਚਾ ਲਈ ਹਾਜ਼ਰੀ ਦੀ ਬੇਨਤੀ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਆਣਾ ਸਰਕਾਰ ’ਤੇ ਕਿਸਾਨਾਂ ਨੂੰ ਰਿਹਾਅ ਕਰਨ ਤੋਂ ਟਾਲਾ ਵੱਟਣ ਦਾ ਦੋਸ਼ ਲਾਇਆ ਕਿਉਂਕਿ ਉਨ੍ਹਾਂ ਪਹਿਲਾਂ ਕਿਹਾ ਸੀ ਕਿ 16 ਅਪ੍ਰੈਲ ਤੱਕ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਪੰਧੇਰ ਨੇ ਕਿਹਾ ਕਿ ਰੇਲਾਂ ਦੇ ਰੁਕਣ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਇਸ ਲਈ ਅੱਜ ਤੋਂ ਸ਼ੁਰੂ ਹੋਣ ਵਾਲੀਆਂ ਟਰੇਨਾਂ ਨੂੰ ਅਣਮਿੱਥੇ ਸਮੇਂ ਲਈ ਰੋਕਣ ਲਈ ਮਜਬੂਰ ਕੀਤਾ ਜਾਵੇਗਾ।