ਦੇਸ਼ ਦੇ ਬਹੁਤ ਸਾਰੇ ਰਾਜ ਇਸ ਸਮੇਂ ਗਰਮੀ ਦੀ ਲਹਿਰ ਦਾ ਸਾਹਮਣਾ ਕਰ ਰਹੇ ਹਨ, ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਇੱਥੋਂ ਤੱਕ ਕਿ ਹੁਣ ਤਾਪਮਾਨ 40 ਡਿਗਰੀ ਤੋਂ ਵੀ ਵੱਧ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਆਉਣ ਵਾਲੇ ਦਿਨਾਂ ‘ਚ ਮੱਧ ਭਾਰਤ, ਉੱਤਰ-ਪੱਛਮੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ‘ਚ ਗਰਜ਼-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ। 13 ਤੋਂ 15 ਅਪ੍ਰੈਲ ਤੱਕ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਅਤੇ ਪਹਾੜੀ ਖੇਤਰਾਂ ‘ਚ ਮੀਂਹ ਪੈ ਸਕਦਾ ਹੈ।
ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਇਸ ਸਮੇਂ ਦੌਰਾਨ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। IMD ਨੇ ਮੌਸਮ ਕਾਰਨ ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ‘ਚ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਲੋਕਾਂ ਅਤੇ ਜਾਨਵਰਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਉੱਤਰ ਪੱਛਮ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਕਟਾਈ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਹੈ।
ਇਸ ਤੋਂ ਇਲਾਵਾ 13 ਅਤੇ 14 ਅਪ੍ਰੈਲ ਨੂੰ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। 14 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਤੋਂ ਬਾਅਦ ਜੰਮੂ-ਕਸ਼ਮੀਰ, 13 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਵੀ ਗੜੇ ਪੈਣ ਦੀ ਸੰਭਾਵਨਾ ਹੈ ਅਤੇ 14 ਅਪ੍ਰੈਲ ਨੂੰ ਪੂਰਬੀ ਰਾਜਸਥਾਨ ‘ਚ ਵੀ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ।