ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਨੇ ਇੰਡੀਅਨ ਨੈਸ਼ਨਲ ਕਾਂਗਰਸ ਲੋਕ ਸਭਾ 2024 ਦਾ ਚੋਣ ਮਨੋਰਥ ਪੱਤਰ ਪੇਸ਼ ਕਰਨ ਲਈ ਅੱਜ ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੈਨੀਫੈਸਟੋ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਮੁੱਦਿਆਂ ਨੂੰ ਸੰਬੋਧਿਤ ਕਰਦਾ ਹੈ ਅਤੇ ਲੋਕ ਸਭਾ ‘ਚ ਜਿੱਤ ਦੀ ਗਾਰੰਟੀ ਦਿੰਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਦੇਸ਼ ਦੀ ਖੁਸ਼ਹਾਲੀ ਨੂੰ ਤਬਾਹ ਕਰਨ ਲਈ ਮੌਜੂਦਾ ਸਰਕਾਰ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ। ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਦੱਸਿਆ ਕਿ ਚੋਣ ਮਨੋਰਥ ਪੱਤਰ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਸੀ ਅਤੇ ਇਹ ਦੇਸ਼ ਦੀ ਸਮੂਹਿਕ ਆਵਾਜ਼ ਨੂੰ ਦਰਸਾਉਂਦਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਇਨਸਾਫ਼ ਅਤੇ ਬਰਾਬਰ ਦੀ ਨੁਮਾਇੰਦਗੀ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਮੈਨੀਫੈਸਟੋ ‘ਚ ਮਹੱਤਵਪੂਰਨ ਗਰੰਟੀਆਂ ਜਿਵੇਂ ਕਿ ਕਿਸਾਨਾਂ ਲਈ ਸਹਾਇਤਾ, ਕਿਸਾਨੀ ਕਰਜ਼ੇ ‘ਚ ਕਮੀ, ਨੌਕਰੀਆਂ ਦੇ ਮੌਕੇ ਅਤੇ ਔਰਤਾਂ ਲਈ ਵਿੱਤੀ ਸਹਾਇਤਾ ਦੀ ਰੂਪ ਰੇਖਾ ਉਲੀਕੀ। ਜ਼ਿਕਰਯੋਗ, ਉਨ੍ਹਾਂ ਇਹ ਕਹਿ ਕੇ ਸਮਾਪਤੀ ਕੀਤੀ ਕਿ ਚੋਣ ਮਨੋਰਥ ਪੱਤਰ ਪਿਛਲੇ ਦਹਾਕੇ ਦੇ ਕੁਸ਼ਾਸਨ ਨੂੰ ਸੁਧਾਰਨ ਅਤੇ ਪੰਜਾਬ ਦੇ ਹਿੱਤਾਂ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਦੀ ਵਚਨਬੱਧਤਾ ਦਾ ਪ੍ਰਤੀਕ ਹੈ।