ਪੰਜਾਬ ਦੇ CM ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ (AAP) ਦਾ ਸਟਾਰ ਪ੍ਰਚਾਰਕ ਨਿਯੁਕਤ ਕੀਤਾ ਗਿਆ ਹੈ ਅਤੇ ਉਹ ‘AAP’ ਉਮੀਦਵਾਰਾਂ ਦੇ ਸਮਰਥਨ ‘ਚ ਰੈਲੀਆਂ ਅਤੇ ਰੋਡ ਸ਼ੋਅ ਕਰਨ ਲਈ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਦਾ ਦੌਰਾ ਕਰਨਗੇ। ਪਾਰਟੀ ਦੇ ਹੋਰ ਆਗੂ, ਜਿਵੇਂ ਕਿ ਸੰਜੇ ਸਿੰਘ ਅਤੇ ਡਾਕਟਰ ਦੁਰਗੇਸ਼ ਪਾਠਕ ਵੀ ਇਸ ਮਹੀਨੇ ਭਰ ਦੇ ਦੌਰੇ ‘ਚ ਉਨ੍ਹਾਂ ਨਾਲ ਸ਼ਾਮਲ ਹੋਣਗੇ।
ਜ਼ਿਕਰਯੋਗ, ਚੋਣ ਪ੍ਰਚਾਰ ਦੇ ਨਾਲ-ਨਾਲ CM ਮਾਨ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੀਟਿੰਗਾਂ ਕਰਕੇ ਚੋਣ ਰਣਨੀਤੀ ‘ਤੇ ਚਰਚਾ ਕਰ ਰਹੇ ਹਨ। ਅੱਜ 8 ਅਪ੍ਰੈਲ ਨੂੰ ਕੁਰੂਕਸ਼ੇਤਰ ‘ਚ CM ਦਾ ਪ੍ਰੋਗਰਾਮ ਹੈ, ਇੱਥੇ ਉਹ ਪਾਰਟੀ ਦੇ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨਗੇ। 12 ਅਤੇ 13 ਅਪ੍ਰੈਲ ਨੂੰ ਦਿੱਲੀ ‘ਚ ਪ੍ਰੋਗਰਾਮ ‘ਚ ਹਿੱਸਾ ਲੈਣਗੇ ਅਤੇ 16 ਅਤੇ 17 ਨੂੰ ਗੁਜਰਾਤ ‘ਚ ਪ੍ਰੋਗਰਾਮ ਹੋਵੇਗਾ। ਇਸਦੇ ਨਾਲ ਹੀ ਉਹ ਅਸਾਮ ਦਾ ਦੌਰਾ ਵੀ ਕਰਨਗੇ।
ਇਸ ਤੋਂ ਇਲਾਵਾ CM ਮਾਨ ਨੇ ਚੋਣ ਪ੍ਰਚਾਰ ਲਈ ਆਪਣੇ ਅਧਿਕਾਰਤ ਹੈਲੀਕਾਪਟਰ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ ਹੈ, ਇਸ ਦੀ ਬਜਾਏ ਕਾਰ ਜਾਂ ਹਵਾਈ ਜਹਾਜ਼ ਰਾਹੀਂ ਦੂਜੇ ਰਾਜਾਂ ਦੀ ਯਾਤਰਾ ਕਰਨਗੇ। ਪਾਰਟੀ ਨੇ ਇਸ ਤਬਦੀਲੀ ਲਈ ਪ੍ਰਬੰਧ ਕਰ ਲਏ ਹਨ। ਪਹਿਲਾਂ ਹੀ ਇੱਕ ਵਾਰ ਸਾਰੇ ਸੂਬਿਆਂ ਦਾ ਦੌਰਾ ਕਰਨ ਦੇ ਬਾਵਜੂਦ ਪਾਰਟੀ ਦੇ ਕੌਮੀ ਕੋਆਰਡੀਨੇਟਰ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਉਹ ਸਟਾਰ ਪ੍ਰਚਾਰਕ ਬਣ ਗਏ ਹਨ।