ਕਾਂਗਰਸ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ‘ਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਬਾਲੀਵੁੱਡ ਸਟਾਰ ਸੰਜੇ ਦੱਤ ਨੂੰ ਮੈਦਾਨ ‘ਚ ਉਤਾਰਨ ‘ਤੇ ਵਿਚਾਰ ਕਰ ਰਹੀ ਹੈ। ਕਾਂਗਰਸ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਹੋਰ ਸੰਭਾਵੀ ਉਮੀਦਵਾਰਾਂ ਨੂੰ ਨਕਾਰ ਕੇ ਆਉਣ ਵਾਲੀਆਂ ਚੋਣਾਂ ‘ਚ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਾਕ ‘ਚ ਹੈ।
ਜ਼ਿਕਰਯੋਗ, ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਸੋਨੀਆ ਗਾਂਧੀ, ਮੱਲਿਕਾਰਜੁਨ ਖੜਗੇ ਅਤੇ ਕੇਸੀ ਵੇਣੂਗੋਪਾਲ ਨੇ ਸੰਜੇ ਦੱਤ ਦੇ ਕਰਨਾਲ ਸੀਟ ਤੋਂ ਚੋਣ ਲੜਨ ਦੀ ਸੰਭਾਵਨਾ ‘ਤੇ ਚਰਚਾ ਕੀਤੀ। ਹਾਲਾਂਕਿ ਪਾਰਟੀ ਦੇ ਸੂਬਾ ਪੱਧਰੀ ਆਗੂ ਨਾਲ ਸਲਾਹ ਕਰਕੇ ਹੀ ਕੋਈ ਅੰਤਿਮ ਫੈਸਲਾ ਲਿਆ ਜਾਵੇਗਾ।
ਇਸ ਤੋਂ ਇਲਾਵਾ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ, ਮਨਮੋਹਨ ਸਿੰਘ ਦੀ ਸਰਕਾਰ ‘ਚ ਇੱਕ ਮੰਤਰੀ ਸਨ ਅਤੇ ਉਨ੍ਹਾਂ ਦੀ ਭੈਣ, ਪ੍ਰਿਆ ਦੱਤ, ਸੰਸਦ ਮੈਂਬਰ ਵਜੋਂ ਸੇਵਾ ਨਿਭਾ ਚੁੱਕੀ ਹੈ। ਸੁਨੀਲ ਦੱਤ ਅਤੇ ਸੰਜੇ ਦੱਤ ਦਾ ਪਰਿਵਾਰ ਅਜੇ ਵੀ ਯਮੁਨਾਨਗਰ ਜ਼ਿਲ੍ਹੇ ‘ਚ ਸਥਿਤ ਮੰਡੌਲੀ ਪਿੰਡ ‘ਚ ਆਪਣੇ ਜੱਦੀ ਘਰ ਜਾਂਦਾ ਹੈ। ਕਾਂਗਰਸ ਪਾਰਟੀ ਇਸ ਸਮੇਂ ਅਦਾਕਾਰ ਰਾਜ ਬੱਬਰ ਨੂੰ ਗੁਰੂਗ੍ਰਾਮ ਲੋਕ ਸਭਾ ਹਲਕੇ ਲਈ ਨਾਮਜ਼ਦ ਕਰਨ ‘ਤੇ ਵਿਚਾਰ ਕਰ ਰਹੀ ਹੈ।