ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਲਈ ਰਾਹਤ ਦੀ ਖ਼ਬਰ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਕੜਾਕੇ ਦੀ ਠੰਢ ਕਾਰਨ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਫੈਸਲਾ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਲਈ ਲਿਆ ਗਿਆ ਹੈ। ਕੜਾਕੇ ਦੀ ਠੰਢ ਨੂੰ ਮੱਦੇਨਜ਼ਰ ਰੱਖਦੇ ਗੌਤਮ ਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ (Noida) ਨੇ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿੱਚ 6 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ।
ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਬੋਰਡ ਨਾਲ ਸਬੰਧਤ ਸਾਰੇ ਸਕੂਲਾਂ ਵਿੱਚ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਲਈ 6 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀਂ ਦੱਸਿਆ ਹੈ ਕਿ ਇਹ ਹੁਕਮ ਸਾਰੇ ਸਕੂਲਾਂ ਲਈ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲ ਸੰਚਾਲਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੌਸਮ ਆਮ ਵਾਂਗ ਹੋਣ ‘ਤੇ ਹੀ ਸਕੂਲ ਖੋਲ੍ਹੇ ਜਾਣਗੇ। ਜੇਕਰ ਠੰਢ ਅਤੇ ਧੁੰਦ ਦਾ ਪ੍ਰਭਾਵ ਵਧਦਾ ਹੈ ਤਾਂ ਸਕੂਲਾਂ ਦੀਆਂ ਛੁੱਟੀਆਂ ਭਵਿੱਖ ਦੀਆਂ ਤਰੀਕਾਂ ਲਈ ਫਿਰ ਤੋਂ ਵਧਾਈਆਂ ਜਾ ਸਕਦੀਆਂ ਹਨ।
ਇਸ ਦੇ ਨਾਲ ਹੀ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਅਧੀਨ 9ਵੀਂ ਤੋਂ 12ਵੀਂ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੀ ਖੁੱਲ੍ਹ ਸਕਣਗੇ।