ਲੁਧਿਆਣਾ ਦੇ ਸਮਰਾਲਾ ਨੇੜਲੇ ਪਿੰਡ ਦਿਆਲਪੁਰਾ ਨੇੜੇ ਫਲਾਈਓਵਰ ‘ਤੇ ਦੇਰ ਰਾਤ 1 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਕਾਰਨ ACP ਸੰਦੀਪ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਜ਼ਿਕਰਯੋਗ, ਜ਼ਖ਼ਮੀ ਡਰਾਈਵਰ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ।
ਇਸ ਦੇ ਨਾਲ ਹੀ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ACP ਸੰਦੀਪ ਸਿੰਘ, ਉਨ੍ਹਾਂ ਦਾ ਗੰਨਮੈਨ ਪਰਮਜੋਤ ਸਿੰਘ ਅਤੇ ਡਰਾਈਵਰ ਚੰਡੀਗੜ੍ਹ ਤੋਂ ਫਾਰਚੂਨਰ ਗੱਡੀ ‘ਚ ਜਾ ਰਹੇ ਸਨ ਅਤੇ ਸਮਰਾਲਾ ਨੇੜਲੇ ਪਿੰਡ ਦਿਆਲਪੁਰਾ ਨੇੜੇ ਫਲਾਈਓਵਰ ’ਤੇ ਓਵਰਟੇਕ ਕਰ ਰਹੀ ਸਕਾਰਪੀਓ ਗੱਡੀ ਨਾਲ ਟਕਰਾ ਗਏ।
ਇਸ ਤੋਂ ਇਲਾਵਾ ਫਾਰਚੂਨਰ ਗੱਡੀ ਨੂੰ ਜ਼ਬਰਦਸਤ ਟੱਕਰ ਦੇ ਤੁਰੰਤ ਬਾਅਦ ਅੱਗ ਲੱਗ ਗਈ, ਜਿਸ ਕਾਰਨ ਇਹ ਮਿੰਟਾਂ ‘ਚ ਹੀ ਪੂਰੀ ਤਰ੍ਹਾਂ ਤਬਾਹ ਹੋ ਗਈ। ACP, ਗੰਨਮੈਨ ਅਤੇ ਡਰਾਈਵਰ ਉਸ ਸਮੇਂ ਵਾਹਨ ਦੇ ਅੰਦਰ ਮੌਜੂਦ ਸਨ। ਇਨ੍ਹਾਂ ਨੂੰ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਬਚਾਇਆ ਅਤੇ ਸਮਰਾਲਾ ਸਿਵਲ ਹਸਪਤਾਲ ਪਹੁੰਚਾਇਆ।