ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਨਜਾਇਜ਼ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਕਿਸ਼ਤੀਆਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ਤਹਿਤ ਪੁਲਿਸ ਵਿਭਾਗ ਅਤੇ ਐਕਸਾਈਜ਼ ਵਿਭਾਗ ਦੀਆਂ ਵਿਸ਼ੇਸ਼ ਫਲਾਇੰਗ ਸੂਕੈਡ ਟੀਮਾਂ ਨਾਜਾਇਜ਼ ਸ਼ਰਾਬ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਦਰਿਆ ਬਿਆਸ ‘ਤੇ ਗਸ਼ਤ ਕਰਨਗੀਆਂ, ਜਦੋਂ ਕਿ ਕਿਸੇ ਵੀ ਸ਼ੱਕੀ ਵਿਵਹਾਰ ਲਈ ਡਰੋਨ ਖੇਤਰ ਦੀ ਨਿਗਰਾਨੀ ਕਰਨਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਵਿਰੁੱਧ ਸਖ਼ਤ ਕਦਮ ਚੁੱਕਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦਰਿਆ ਦੇ ‘ਚ ਟਾਪੂਆਂ ਉੱਪਰ ਨਜਾਇਜ਼ ਸ਼ਰਾਬ ਨੂੰ ਫੜਨ ਲਈ ਇਨ੍ਹਾਂ ਟੀਮਾਂ ਨੂੰ 4 ਕਿਸ਼ਤੀਆਂ (ਮੋਟਰ ਬੋਟ) ਅਤੇ ਡਰੋਨ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਨਸ਼ਾ ਤਸਕਰਾਂ ਉੱਪਰ ਬਾਜ਼ ਅੱਖ ਰੱਖੀ ਜਾਵੇਗੀ।