ਪੰਜਾਬ ਦੇ ਸਿੱਖਿਆ ਵਿਭਾਗ ਨੇ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਸਕੂਲੀ ਸੈਸ਼ਨ ਲਈ ਵਿਆਪਕ ਤਿਆਰੀਆਂ ਕਰ ਲਈਆਂ ਹਨ। ਬੱਚਿਆਂ ਦੀ ਪੜ੍ਹਾਈ ‘ਚ ਘੱਟ ਤੋਂ ਘੱਟ ਵਿਘਨ ਪੈਣ ਨੂੰ ਯਕੀਨੀ ਬਣਾਉਣ ਲਈ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹੁੰਚਾਉਣ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ। ਇਸ ਦੇ ਨਾਲ ਹੀ 28 ਮਾਰਚ ਨੂੰ 19,000 ਸਕੂਲਾਂ ‘ਚ ਇੱਕ ਮੈਗਾ ਮਾਤਾ-ਪਿਤਾ-ਅਧਿਆਪਕ ਮੀਟਿੰਗ (PTM) ਹੋਵੇਗੀ। ਜ਼ਿਕਰਯੋਗ, ਸਕੂਲਾਂ ਦਾ ਸਮਾਂ 1 ਅਪ੍ਰੈਲ ਤੋਂ ਬਦਲ ਜਾਵੇਗਾ।
ਗੈਰ-ਬੋਰਡ ਕਲਾਸ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ 26 ਫਰਵਰੀ ਤੋਂ 15 ਮਾਰਚ ਤੱਕ ਹੋ ਚੁੱਕੀਆਂ ਹਨ, ਅਤੇ ਸਕੂਲਾਂ ਨੂੰ 20 ਮਾਰਚ ਤੱਕ ਨਤੀਜੇ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੈਗਾ PTM ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ, ਜਿਸ ਵਿੱਚ ਮਾਪਿਆਂ ਨੂੰ ਹਾਜ਼ਰ ਹੋਣਾ ਜ਼ਰੂਰੀ ਹੈ। ਹਰੇਕ ਜ਼ਿਲ੍ਹੇ ‘ਚ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ। 1 ਅਪ੍ਰੈਲ ਤੋਂ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਸਮੇਂ ‘ਚ ਬਦਲਾਅ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਹੁਣ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੰਮ ਕਰਨਗੇ ਅਤੇ ਇਹੀ ਸਮਾਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਲਾਗੂ ਹੋਵੇਗਾ। ਇਹ ਵਿਵਸਥਾ ਸਤੰਬਰ ਤੱਕ ਲਾਗੂ ਰਹੇਗੀ। ਪਹਿਲਾਂ, ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਤੱਕ ਸੀ, ਜਦਕਿ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਤੋਂ ਦੁਪਹਿਰ 2.50 ਵਜੇ ਤੱਕ ਚੱਲਦੇ ਸਨ।