ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਹਿੱਸਾ ਨਹੀਂ ਲੈਣਗੇ ਅਤੇ ਇਸ ਦੀ ਬਜਾਏ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਕੁਮੈਂਟਰੀ ਕਰਨਗੇ। ਇਸ ਦੇ ਨਾਲ ਹੀ ਸਟਾਰ ਸਪੋਰਟਸ ਨੇ ਘੋਸ਼ਣਾ ਕੀਤੀ ਕਿ ਸਿੱਧੂ ਉਨ੍ਹਾਂ ਦੀ ਟੀਮ ‘ਚ ਸ਼ਾਮਲ ਹੋ ਗਏ ਹਨ ਅਤੇ 22 ਮਾਰਚ ਤੋਂ ਸ਼ੁਰੂ ਹੋਣ ਵਾਲੇ IPL 2024 ਸਟਾਰਕਾਸਟ ਨਾਲ ਜੁੜ ਗਏ ਹਨ।
ਜ਼ਿਕਰਯੋਗ, ਨਵਜੋਤ ਸਿੱਧੂ ਨੇ ਆਪਣੀ ਪਤਨੀ ਦੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਨਾ ਲੜਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਲੰਬੇ ਸਮੇਂ ਤੋਂ ਉਹ ਕ੍ਰਿਕਟ ਕਮੈਂਟਰੀ ਤੋਂ ਬਰੇਕ ਤੇ ਸੀ, ਹੁਣ ਫਿਰ ਤੋਂ ਉਹ ਕਮੈਂਟਰੀ ਸ਼ੁਰੂ ਕਰਨਗੇ। ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਪਟਿਆਲਾ ਤੋਂ ਚੋਣ ਮੈਦਾਨ ‘ਚ ਉਤਾਰਨ ਬਾਰੇ ਵਿਚਾਰ ਕੀਤਾ ਸੀ, ਪਰ ਉਨ੍ਹਾਂ ਨੇ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਇਲਾਵਾ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਦੀ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਅਣਬਣ ਚੱਲ ਰਹੀ ਹੈ। ਅਜਿਹੀਆਂ ਅਫਵਾਹਾਂ ਹਨ ਕਿ ਉਹ BJP ‘ਚ ਮੁੜ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਸਿੱਧੂ ਦੀ ਟੀਮ ਨੇ ਕਿਹਾ ਹੈ ਕਿ ਉਹ ਕਾਂਗਰਸ ਅਤੇ ਇਸ ਦੇ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦਾ ਪੂਰਾ ਸਮਰਥਨ ਕਰਦੇ ਹਨ।