PM ਦੇ ਪੈਨਲ ਨੇ ਵੀਰਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਕੇਰਲ ਤੋਂ ਗਿਆਨੇਸ਼ ਕੁਮਾਰ ਅਤੇ ਪੰਜਾਬ ਤੋਂ ਸੁਖਬੀਰ ਸੰਧੂ ਨੂੰ ਨਵੇਂ ਚੋਣ ਕਮਿਸ਼ਨਰ ਵਜੋਂ ਚੁਣਿਆ ਹੈ। ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਦੀ ਪੁਸ਼ਟੀ ਕੀਤੀ। ਸੁਖਬੀਰ ਸੰਧੂ ਉੱਤਰਾਖੰਡ ਦੇ ਮੁੱਖ ਸਕੱਤਰ ਅਤੇ NHAI ਦੇ ਚੇਅਰਮੈਨ ਵਰਗੇ ਮਹੱਤਵਪੂਰਨ ਅਹੁਦਿਆਂ ‘ਤੇ ਰਹਿ ਚੁੱਕੇ ਹਨ, ਜਦਕਿ ਗਿਆਨੇਸ਼ ਕੁਮਾਰ ਕੇਰਲ ਤੋਂ ਸੀਨੀਅਰ ਆਈਏਐਸ ਅਧਿਕਾਰੀ ਹਨ ਅਤੇ ਵਰਤਮਾਨ ‘ਚ ਗ੍ਰਹਿ ਮੰਤਰਾਲੇ ਵਿੱਚ ਕੰਮ ਕਰਦੇ ਹਨ।
ਇਸ ਦੇ ਨਾਲ ਹੀ ਗਿਆਨੇਸ਼ ਕੁਮਾਰ ਧਾਰਾ 370 ਬਾਰੇ ਫੈਸਲਾ ਲੈਣ ਦੀ ਪ੍ਰਕਿਰਿਆ ‘ਚ ਸ਼ਾਮਲ ਸਨ ਅਤੇ ਬਾਅਦ ‘ਚ ਸਹਿਕਾਰਤਾ ਮੰਤਰਾਲੇ ‘ਚ ਸਕੱਤਰ ਵਜੋਂ ਸੇਵਾਮੁਕਤ ਹੋਏ। ਹਾਲਾਂਕਿ ਚੋਣ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਗਿਆਨੇਸ਼ ਕੁਮਾਰ ਦੀ ਨਿਯੁਕਤੀ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਤੋਂ ਬਾਅਦ ਅੰਤਿਮ ਰੂਪ ਦਿੱਤਾ ਜਾਵੇਗਾ।
ਜ਼ਿਕਰਯੋਗ, ਅਧੀਰ ਰੰਜਨ ਨੇ ਨਿਰਾਸ਼ਾ ਜ਼ਾਹਰ ਕੀਤੀ ਕਿ ਉਸ ਨੂੰ ਮੀਟਿੰਗ ਤੋਂ ਸਿਰਫ਼ 10 ਮਿੰਟ ਪਹਿਲਾਂ 6 ਵਿਅਕਤੀਆਂ ਦੇ ਨਾਮ ਦਿੱਤੇ ਗਏ ਸਨ, ਜਿਸ ਨਾਲ ਉਸ ਲਈ ਉਨ੍ਹਾਂ ਦੀ ਯੋਗਤਾ ਅਤੇ ਤਜ਼ਰਬੇ ਦਾ ਸਹੀ ਮੁਲਾਂਕਣ ਕਰਨਾ ਅਸੰਭਵ ਹੋ ਗਿਆ ਸੀ। ਮੈਂ ਇਸ ਪ੍ਰਕਿਰਿਆ ਦੇ ਵਿਰੁੱਧ ਹਾਂ, ਕਿਉਂਕਿ ਇਹ ਸਿਰਫ਼ ਇੱਕ ਰਸਮੀ ਹੈ। ਕਮੇਟੀ ‘ਚ ਭਾਰਤ ਦੇ ਚੀਫ਼ ਜਸਟਿਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਜੇ ਸੀਜੇਆਈ ਸ਼ਾਮਲ ਹੁੰਦਾ ਤਾਂ ਨਤੀਜਾ ਸ਼ਾਇਦ ਵੱਖਰਾ ਹੁੰਦਾ। ਬੀਤੀ ਰਾਤ ਦਿੱਲੀ ਪਹੁੰਚਣ ‘ਤੇ, ਮੈਨੂੰ 212 ਵਿਅਕਤੀਆਂ ਦੀ ਸੂਚੀ ਦਿੱਤੀ ਗਈ, ਜਿਸ ਨਾਲ ਇੰਨੇ ਸੰਖੇਪ ਸਮੇਂ ‘ਚ ਹਰੇਕ ਵਿਅਕਤੀ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਸਮੀਖਿਆ ਕਰਨਾ ਅਸੰਭਵ ਹੋ ਗਿਆ।