ਨਕਲੀ ਮਨੁੱਖੀ ਐਂਟੀਬਾਡੀ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਹੋਵੇਗੀ ਯੋਗ

ਹਰ ਸਾਲ ਦੁਨੀਆ ਭਰ ‘ਚ ਹਜ਼ਾਰਾਂ ਲੋਕ ਸੱਪ ਦੇ ਡੰਗਣ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ ਪਰ ਹੁਣ ਇਸ ਸਮੱਸਿਆ ਨੂੰ ਜਲਦ ਹੀ ਹੱਲ ਕੀਤਾ ਜਾ ਸਕਦਾ ਹੈ। ਵਿਗਿਆਨੀਆਂ ਨੇ ਨਕਲੀ ਮਨੁੱਖੀ ਐਂਟੀਬਾਡੀਜ਼ ਤਿਆਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ ਜੋ ਕੋਬਰਾ, ਕਿੰਗ ਕੋਬਰਾ ਅਤੇ ਕ੍ਰੇਟ ਵਰਗੇ ਅਤਿ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਯੋਗ ਹੋਣਗੇ। ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਐਂਟੀਬਾਡੀਜ਼ ਦਾ ਪ੍ਰਭਾਵ ਰਵਾਇਤੀ ਉਤਪਾਦਾਂ ਦੇ ਮੁਕਾਬਲੇ ਲਗਭਗ 15 ਗੁਣਾ ਜ਼ਿਆਦਾ ਪਾਇਆ ਗਿਆ। ਸੱਪ ਦੇ ਡੰਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਿਆਂ ‘ਚ ਭਾਰਤ ਅਤੇ ਉਪ-ਸਹਾਰਾ ਅਫਰੀਕਾ ਦੇ ਖੇਤਰ ਸ਼ਾਮਲ ਹਨ।

ਖੋਜਕਰਤਾਵਾਂ ਦੀ ਇਹ ਖੋਜ ਸਾਇੰਸ ਟ੍ਰਾਂਸਲੇਸ਼ਨਲ ਮੈਡੀਸਨ ਜਰਨਲ ‘ਚ ਪ੍ਰਕਾਸ਼ਿਤ ਕੀਤੀ ਗਈ ਹੈ। ਜਿਸ ਤਰ੍ਹਾਂ HIV ਅਤੇ ਕੋਵਿਡ 19 ਦੇ ਵਿਰੁੱਧ ਐਂਟੀਬਾਡੀਜ਼ ਵਿਕਸਿਤ ਕੀਤੇ ਗਏ ਸਨ, ਉਸੇ ਤਰ੍ਹਾਂ ਨਵਾਂ ਐਂਟੀਵੇਨਮ ਸੱਪ ਦੇ ਜ਼ਹਿਰ ਨੂੰ ਵੀ ਅਯੋਗ ਕਰ ਸਕਦਾ ਹੈ। ਅਮਰੀਕਾ ਦੇ ਸਕ੍ਰਿਪਸ ਰਿਸਰਚ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਕਿਹਾ ਕਿ ਇਹ ਅਧਿਐਨ ਯੂਨੀਵਰਸਲ ਐਂਟੀਬਾਡੀ ਹੱਲ ਵੱਲ ਇਕ ਕਦਮ ਹੈ, ਜੋ ਸਾਨੂੰ ਵੱਖ-ਵੱਖ ਤਰ੍ਹਾਂ ਦੇ ਸੱਪਾਂ ਦੇ ਜ਼ਹਿਰ ਤੋਂ ਬਚਾ ਸਕਦਾ ਹੈ। ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੈਂਗਲੁਰੂ ਤੋਂ ਪੀਐਚਡੀ ਕਰ ਰਹੀ ਸੇਂਜੀ ਲਕਸ਼ਮੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੱਪ ਦੇ ਡੰਗ ਦੇ ਇਲਾਜ ਲਈ ਐਂਟੀਬਾਡੀਜ਼ ਵਿਕਸਿਤ ਕਰਨ ਦੀ ਇਹ ਰਣਨੀਤੀ ਅਪਣਾਈ ਗਈ ਹੈ।

ਐਂਟੀਵੇਨਮ ਵਿਕਸਿਤ ਕਰਨ ਦੀ ਮੌਜੂਦਾ ਪ੍ਰਕਿਰਿਆ ‘ਚ ਘੋੜਿਆਂ, ਟੱਟੂਆਂ ਅਤੇ ਖੱਚਰਾਂ ਵਰਗੇ ਜਾਨਵਰਾਂ ਦੇ ਖੂਨ ਤੋਂ ਐਂਟੀਬਾਡੀਜ਼ ਨੂੰ ਇਕੱਠਾ ਕਰਨਾ ਸ਼ਾਮਲ ਹੈ ਜਿਨ੍ਹਾਂ ਨੂੰ ਸੱਪ ਦੇ ਜ਼ਹਿਰ ਨਾਲ ਟੀਕਾ ਲਗਾਇਆ ਗਿਆ, ਕਿਉਂਕਿ ਇਹ ਜਾਨਵਰ ਵੱਖ-ਵੱਖ ਬੈਕਟੀਰੀਆ ਅਤੇ ਵਾਇਰਸਾਂ ਨਾਲ ਸੰਕਰਮਿਤ ਹੋ ਸਕਦੇ ਹਨ। ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਹ ਸ਼੍ਰੀ ਫਿੰਗਰ ਟੌਕਸਿਨ (ਯੂਐਫਟੀ) ਦੇ ਪ੍ਰਭਾਵ ਨੂੰ ਖ਼ਤਮ ਕਰ ਦੇਵੇਗਾ, ਜਿਸ ਨੂੰ ਸਭ ਤੋਂ ਜ਼ਹਿਰੀਲਾ ਜ਼ਹਿਰ ਮੰਨਿਆ ਜਾਂਦਾ ਹੈ। ਇਹ ਐਂਟੀਬਾਡੀ UFT ਦੇ 149 ਵਿੱਚੋਂ 99 ਰੂਪਾਂ ‘ਤੇ ਅਸਰਦਾਰ ਹੈ।

ਇਸ ਤੋਂ ਇਲਾਵਾ ਖੋਜਕਰਤਾਵਾਂ ਨੇ ਜਾਨਵਰਾਂ ਦੇ ਮਾਡਲਾਂ ‘ਤੇ ਵਿਕਸਤ ਐਂਟੀਬਾਡੀਜ਼ ਦੀ ਜਾਂਚ ਕੀਤੀ। ਟੈਸਟਾਂ ‘ਚ ਪਾਇਆ ਗਿਆ ਕਿ ਸਿਰਫ ਜ਼ਹਿਰ ਦੇਣ ਨਾਲ, ਚੂਹਿਆਂ ਦੀ ਮੌਤ ਚਾਰ ਘੰਟਿਆਂ ‘ਚ ਹੋ ਗਈ। ਪਰ ਜਿਨ੍ਹਾਂ ਨੂੰ ਜ਼ਹਿਰ-ਐਂਟੀਬਾਡੀ ਮਿਸ਼ਰਣ ਦਿੱਤਾ ਗਿਆ ਉਹ 24 ਘੰਟੇ ਦੇ ਨਿਰੀਖਣ ਦੀ ਮਿਆਦ ਤੋਂ ਬਾਅਦ ਜ਼ਿੰਦਾ ਰਹੇ ਅਤੇ ਪੂਰੀ ਤਰ੍ਹਾਂ ਸਿਹਤਮੰਦ ਦਿਖਾਈ ਦਿੱਤੇ। ਟੀਮ ਨੇ ਪੂਰਬੀ ਭਾਰਤ ਦੇ ਮੋਨੋਕਲੇਡ ਕੋਬਰਾ ਅਤੇ ਅਫਰੀਕਾ ਦੇ ਬਲੈਕ ਐੱਮਬਾ ਦੇ ਪੂਰੇ ਜ਼ਹਿਰ ਦੇ ਵਿਰੁੱਧ ਵੀ ਉਨ੍ਹਾਂ ਦੀਆਂ ਐਂਟੀਬਾਡੀਜ਼ ਦੀ ਜਾਂਚ ਕੀਤੀ ਅਤੇ ਉਮੀਦ ਕੀਤੇ ਨਤੀਜੇ ਮਿਲੇ।

Leave a Reply

Your email address will not be published. Required fields are marked *