ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜਿੱਥੇ ਲਗਾਤਾਰ ਸ਼ਹਿਰ ਦੀਆਂ ਮੁਸ਼ਕਿਲਾਂ ਨੂੰ ਲੋਕ ਸਭਾ ‘ਚ ਚੁੱਕਦੇ ਆਏ ਹਨ। ਅੰਮ੍ਰਿਤਸਰ ‘ਚ ਪਹਿਲ ਦੇ ਆਧਾਰ ਦੇ ਹਰ ਵਰਗ ਲਈ ਕੰਮ ਕਰਦੇ ਰਹੇ ਹਨ, ਉਥੇ ਗੁਰਜੀਤ ਸਿੰਘ ਔਜਲਾ ਵੱਲੋਂ ਹਰ ਵਰਗ ਦੀ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਹਮੇਸਾ ਕੀਤਾ ਗਿਆ ਹੈ ਅਤੇ ਹਰ ਧਾਰਮਿਕ ਸਮਾਗਮਾਂ ਵਿੱਚ ਔਜਲਾ ਵੱਲੋਂ ਵੱਧ ਚੜ੍ਹ ਕੇ ਸਿਰਕਤ ਕੀਤੀ ਗਈ ਹੈ।
ਅੱਜ ਗੁਰਜੀਤ ਸਿੰਘ ਔਜਲਾ ਨੇ ਆਪਣੀ ਧਰਮ ਪਤਨੀ ਸਮੇਤ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਜਿੱਥੇ ਸ੍ਰੀ ਰਾਮ ਮੰਦਰ ਅਯੁੱਧਿਆ ਵਿਖੇ ਮੱਥਾ ਟੇਕਿਆ ਉਥੇ ਹੀ ਸ੍ਰੀ ਦੁਰਗਿਆਨਾ ਮੰਦਰ ਟਰੱਸਟ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਲੰਗਰ ਵਿੱਚ ਸੇਵਾ ਵੀ ਕੀਤੀ। ਔਜਲਾ ਨੇ ਕਿਹਾ ਕਿ ਮੈਨੂੰ ਇਥੇ ਨਤਮਸਤਕ ਹੋ ਕੇ ਰੂਹਾਨੀ ਖੁਸ਼ੀ ਮਿਲੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਸੰਗਤਾਂ ਦੀ ਸੇਵਾ, ਉਹਨਾਂ ਦੇ ਰਹਿਣ ਸਹਿਣ ਦਾ ਖਾਸ ਧਿਆਨ ਰੱਖਦੇ ਹੋਏ ਵਧੀਆ ਸਰਾਵਾਂ ਬਣਾਈਆਂ ਗਈਆਂ ਹਨ।
ਜ਼ਿਕਰਯੋਗ, ਔਜਲਾ ਨੇ ਸ੍ਰੀ ਰਾਮ ਮੰਦਰ ਵਿਖੇ ਸੰਤਾਂ, ਮਹੰਤਾਂ ਅਤੇ ਮਹਾਤਮਾ ਦੇ ਵਿਚਾਰ ਵੀ ਸੁਣੇ ਅਤੇ ਮੁਲਾਕਾਤ ਵੀ ਕੀਤੀ। ਔਜਲਾ ਨੇ ਕਿਹਾ ਕਿ ਸ਼ਰਧਾਲੂਆਂ ਦੇ ਲੰਗਰ ਦੀ ਵਿਵਸਥਾ ਲਈ ਕੁੱਲ 37 ਲੰਗਰ ਲਗਾਏ ਗਏ ਹਨ, ਜਿੰਨ੍ਹਾਂ ਵਿੱਚੋਂ 12 ਲੰਗਰ ਪੰਜਾਬੀਆਂ ਵੱਲੋਂ ਲਗਾਏ ਗਏ ਹਨ। ਜਿੰਨ੍ਹਾਂ ਵਿੱਚ ਅੰਮ੍ਰਿਤਸਰ ਦੇ ਸ੍ਰੀ ਦੁਰਗਿਆਨਾ ਟਰੱਸਟ ਮੰਦਰ ਵੱਲੋਂ ਲੰਗਰ ਦੀ ਸੁਰੂਆਤ ਕੀਤੀ ਗਈ ਏ ਜੋ ਕਿ 14 ਜਨਵਰੀ ਤੋਂ ਲਗਾਤਾਰ ਹੁਣ ਤੱਕ ਚੱਲ ਰਿਹਾ ਏ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਧੰਨਵਾਦੀ ਹਾਂ ਟਰੱਸਟ ਦੇ ਸਮੂਹ ਮੈਂਬਰਾਂ ਦਾ ਜੋ ਕਿ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਔਜਲਾ ਨੇ ਕਿਹਾ ਕਿ ਇਸਦੇ ਨਾਲ ਹੀ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਵੀ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ ਸਮੇਤ ਸ੍ਰੀ ਰਾਮ ਮੰਦਰ ਅਯੁੱਧਿਆ ਵਿਖੇ ਜਰੂਰ ਨਤਮਸਤਕ ਹੋਣ ਅਤੇ ਸ੍ਰੀ ਰਾਮ ਜੀ ਦਾ ਅਸੀਰਵਾਦ ਪ੍ਰਾਪਤ ਕਰਨ।