ਅੰਮ੍ਰਿਤਸਰ ‘ਚ ਰੰਗਲਾ ਪੰਜਾਬ ਮੇਲੇ ਦੌਰਾਨ ਤਾਜ ਹੋਟਲ ਦੇ ਸ਼ੈੱਫ ਵੱਲੋਂ ਰਿਕਾਰਡ ਤੋੜ 37.5 ਕਿਲੋ ਪਰਾਂਠਾ ਬਣਾਇਆ ਗਿਆ, ਜਿਸ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਅਧਿਕਾਰਤ ਤੌਰ ‘ਤੇ ਮਾਨਤਾ ਦਿੱਤੀ ਹੈ। ਇਸ ਰਿਕਾਰਡ ਨੂੰ ਬਣਾਉਣ ਦੀ ਕੋਸਿ਼ਸ਼ ਕਰਨ ਤੋਂ ਪਹਿਲਾਂ ਤਾਜ ਦੇ ਕਰਮਚਾਰੀਆਂ ਵਲੋਂ ਲਗਾਤਾਰ ਕਈ ਦਿਨ ਤੱਕ ਇਸਦਾ ਅਭਿਆਸ ਕੀਤਾ ਗਿਆ।
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਪ੍ਰਾਪਤੀ ਲਈ ਤਾਜ ਗਰੁੱਪ ਅਤੇ ਸੈਰ ਸਪਾਟਾ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅੰਮ੍ਰਿਤਸਰ ‘ਚ ਕਰਵਾਏ ਜਾ 7 ਰੋਜਾ ਰੰਗਲਾ ਪੰਜਾਬ ਫੈਸਟੀਵਲ ਦੌਰਾਨ ਤਾਜ ਹੋਟਲ ਦੇ ਸ਼ੈੱਫ ਵੱਲੋਂ 37.5 ਕਿਲੋ ਦਾ ਇਹ ਪਰੌਂਠਾ ਤਿਆਰ ਕੀਤਾ ਗਿਆ। ਇਹ 4/8 ਫੁੱਟ ਲੰਬਾਈ ਵਾਲਾ ਪਰਾਂਠਾ ਦਿੱਲੀ ਤੋਂ 7 ਕੁਇੰਟਲ ਆਟੇ ਅਤੇ ਵਿਸ਼ੇਸ਼ ਪੈਨ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ। ਇਸ ਨੂੰ ਮੇਲੇ ਵਿੱਚ ਹਾਜ਼ਰ ਲੋਕਾਂ ਵਿੱਚ ਵੰਡਿਆ ਗਿਆ।
ਇਸ ਤੋਂ ਇਲਾਵਾ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲੋਂ ਪਹੁੰਚੀ ਟੀਮ ਵੱਲੋਂ ਰੰਗਲਾ ਪੰਜਾਬ ਨੂੰ ਕਰਵਾਉਣ ਲਈ ਬਣਾਈ ਗਈ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ, ਡਾਇਰੈਕਟਰ ਸੈਰ ਸਪਾਟਾ ਵਿਭਾਗ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਵਿਭਾਗ ਦੇ ਨਿਗਰਾਨ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਵੱਲੋਂ ਗਿਨੀਜ਼ ਬੁੱਕ ਦੇ ਪ੍ਰਬੰਧਕਾਂ ਕੋਲੋਂ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ।