ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕੱਲ੍ਹ ਸ਼ਾਮ ਅਚਾਨਕ ਤਬੀਅਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡਣ ਤੋਂ ਬਾਅਦ ਡੱਲੇਵਾਲ ਨੂੰ ਹਾਈ ਬਲੱਡ ਪ੍ਰੈਸ਼ਰ, ਘਬਰਾਹਟ ਅਤੇ ਅੱਖਾਂ ਵਿੱਚ ਜਲਣ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਤੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਹਰਿਆਣਾ ਪੁਲੀਸ ਵੱਲੋਂ ਖਨੌਰੀ ਸਰਹੱਦ ’ਤੇ ਅਣਮਨੁੱਖੀ ਵਤੀਰੇ ਦੀ ਆਲੋਚਨਾ ਕਰਦਿਆਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਬਜ਼ੁਰਗ ਵਿਅਕਤੀਆਂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਹਰਿਆਣਾ ਪੁਲੀਸ ਨੇ ਕਿਸਾਨਾਂ ਦੇ 25 ਟਰੈਕਟਰ ਭੰਨੇ ਅਤੇ ਉਨ੍ਹਾਂ ਦੇ ਟਾਇਰ ਵੀ ਪੈਂਚਰ ਕੀਤੇ। ਇਸ ਦੌਰਾਨ ਕਿਸਾਨ ਆਗੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਦੋ ਦਿਨਾਂ ਦੇ ‘ਚ ਹਰਿਆਣਾ ਪੁਲਿਸ ਵੱਲੋਂ ਖਨੌਰੀ ਬਾਰਡਰ ‘ਤੇ ਬਠਿੰਡਾ ਦੇ ਨੌਜਵਾਨ ਕਿਸਾਨ ਦੀ ਮੌਤ ਦਾ ਜਾਇਜ਼ਾ ਲਿਆ ਜਾਵੇਗਾ। ਉਸ ਤੋਂ ਬਾਅਦ ਦਿੱਲੀ ਜਾਣ ਦੀ ਅਗਲੀ ਰਣਨੀਤੀ ਬਣਾਈ ਜਾਵੇਗੀ।