ਪੰਜਾਬ ਅਤੇ ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਇਸ ਸਮੇਂ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਹਰਿਆਣਾ ‘ਚ ਸੁਰੱਖਿਆ ਕਰਮੀਆਂ ਨੇ ਕੁਝ ਨੌਜਵਾਨ ਕਿਸਾਨਾਂ ਦੇ ਬੈਰੀਕੇਡਾਂ ਦੇ ਨੇੜੇ ਪਹੁੰਚਣ ‘ਤੇ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਕਿਸਾਨ ਯੂਨੀਅਨ ਪੰਜਾਬ ਨੇ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਹੈ ਕਿ ਖਨੌਰੀ ਸਰਹੱਦ ‘ਤੇ 20 ਸਾਲਾਂ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ।
ਮ੍ਰਿਤਕ ਨੌਜਵਾਨ ਦਾ ਨਾਮ ਸ਼ੁਭਕਰਮਨ ਹੈ, ਜੋ ਕਿ ਪਿੰਡ ਬੱਲੋ ਬਠਿੰਡਾ ਦਾ ਰਹਿਣ ਵਾਲਾ ਤੇ 3 ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੇ ਪਿਤਾ ਦਾ ਨਾਮ ਚਰਨਜੀਤ ਹੈ। ਇਸ ਨੌਜਵਾਨ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਅੰਦੋਲਨ ‘ਚ ਜ਼ਖ਼ਮੀ ਹੋਣ ਵਾਲੇ ਕਿਸਾਨਾਂ ਦੀ ਗਿਣਤੀ ਵੀ 25 ਦੱਸੀ ਗਈ ਹੈ, ਜਿਨ੍ਹਾਂ ਵਿਚੋਂ ਇਕ ਕਿਸਾਨ ਦੇ ਪੱਟ ‘ਤੇ ਅੱਥਰੂ ਗੈਸ ਦਾ ਗੋਲਾ ਵਜਿਆ ਜਿਸ ਨਾਲ ਉਸਦੀ ਹਾਲਤ ਗੰਭੀਰ ਜ਼ਖ਼ਮੀ ਹੋ ਗਈ ਤੇ ਉਸਦਾ ਇਲਾਜ ਰਾਜਪੁਰਾ ਦੇ ਸਿਵਲ ਹਸਪਤਾਲ ‘ਚ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਗੋਲਾ ਵੱਜਣ ਕਾਰਨ ਜ਼ਖ਼ਮੀ ਹੋਏ ਪੀੜਤ ਕਿਸਾਨ ਸੁਖਵਿੰਦਰ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਂਦੇ ਦੱਸਿਆ ਕਿ ਅਸੀਂ ਤਾਂ ਖੜੇ ਸੀ, ਇਕਦਮ ਹਰਿਆਣਾ ਪੁਲਿਸ ਵੱਲੋਂ ਗੋਲਾ ਸੁੱਟਿਆ ਗਿਆ ਜੋ ਮੇਰੇ ਪਟ ਉੱਪਰ ਜਾ ਵੱਜਿਆ, ਜਿਸ ਕਾਰਨ ਮੈਂ ਗੰਭੀਰ ਜ਼ਖਮੀ ਹੋ ਗਿਆ ਹਾਂ ਅਤੇ ਮੈਨੂੰ ਰਾਜਪੁਰਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਹਰ ਹਿਲੇ ‘ਚ ਦਿੱਲੀ ਜਾਣਾ ਚਾਉਂਦੇ ਹਨ ਕਿਉੰਕਿ ਸਰਕਾਰਾਂ ਕਿਸਾਨਾਂ ਨਾਲ ਧੱਕਾ ਕਰ ਰਹੀਆਂ ਹਨ।