ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਦਸੰਬਰ ਮਹੀਨੇ ਵਿੱਚ ਪਹਿਲੀ ਵਾਰ 3 ਲੱਖ ਯਾਤਰੀਆਂ ਦੀ ਗਿਣਤੀ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਹਾਲ ਹੀ ‘ਚ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਭਾਰਤ ਦੇ ਹਵਾਈ ਅੱਡਿਆਂ ਦਾ ਡਾਟਾ ਸਾਂਝਾ ਕੀਤਾ ਹੈ। ਦਸੰਬਰ 2022 ਦੇ ਮੁਕਾਬਲੇ ਦਸੰਬਰ 2023 ‘ਚ ਯਾਤਰੀਆਂ ਦੀ ਗਿਣਤੀ ਵਿੱਚ 41 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਦੇ ਕਿਸੇ ਵੀ ਹਵਾਈ ਅੱਡੇ ਨੇ ਇੱਕ ਮਹੀਨੇ ਵਿੱਚ ਇਹਨਾਂ ਵਾਧਾ ਨਹੀਂ ਕੀਤਾ।
ਜ਼ਿਕਰਯੋਗ ਅੰਕੜਿਆਂ ਅਨੁਸਾਰ ਦਸੰਬਰ 2022 ਵਿੱਚ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕੁੱਲ 2,40,200 ਯਾਤਰੀਆਂ ਦੀ ਆਵਾਜਾਈ ਸੀ, ਜਿਨ੍ਹਾਂ ਵਿੱਚੋਂ 1,64,546 ਘਰੇਲੂ ਅਤੇ 75,654 ਅੰਤਰਰਾਸ਼ਟਰੀ ਸਨ। 2023 ‘ਚ, ਇਹ ਅੰਕੜਾ ਵੱਧ ਕੇ 3,38,512 ਹੋ ਗਿਆ ਹੈ, ਜਿਸ ਵਿੱਚ 2,31,699 ਘਰੇਲੂ ਅਤੇ 1,06,813 ਅੰਤਰਰਾਸ਼ਟਰੀ ਯਾਤਰੀ ਸ਼ਾਮਲ ਹਨ। ਇਸ ਮਹੀਨੇ ਵਿੱਚ ਸਭ ਤੋਂ ਵੱਧ 2202 ਉਡਾਣਾਂ ਦੀ ਆਵਾਜਾਈ ਵੀ ਦਰਜ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਅੰਤਰਰਾਸ਼ਟਰੀ ਯਾਤਰੀਆਂ ਦੀ ਕੁੱਲ ਗਿਣਤੀ ਇੱਕ ਮਹੀਨੇ ਵਿੱਚ 1 ਲੱਖ ਨੂੰ ਪਾਰ ਕਰ ਗਈ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਹਵਾਈ ਅੱਡੇ ਦਾ 10 ਅੰਤਰਰਾਸ਼ਟਰੀ ਅਤੇ 13 ਘਰੇਲੂ ਹਵਾਈ ਅੱਡਿਆਂ ਨਾਲ ਸਿੱਧਾ ਸੰਪਰਕ ਹੈ। ਇਸ ਵਾਰ ਅੰਮ੍ਰਿਤਸਰ ਤੋਂ ਲੰਡਨ, ਬਰਮਿੰਘਮ, ਰੋਮ, ਮਿਲਾਨ, ਵੇਰੋਨਾ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ ਅਤੇ ਕੁਆਲਾਲੰਪੁਰ ਵਰਗੇ ਵੱਡੇ ਸ਼ਹਿਰ ਸ਼ਾਮਲ ਹਨ। ਖਾਸ ਤੌਰ ‘ਤੇ, ਭਾਰਤ ਅਤੇ ਵਿਦੇਸ਼ਾਂ ਦੀਆਂ 10 ਏਅਰਲਾਈਨਾਂ ਹਫ਼ਤੇ ਵਿੱਚ 114 ਅੰਤਰਰਾਸ਼ਟਰੀ ਉਡਾਣਾਂ ਚਲਾਉਂਦੀਆਂ ਹਨ। 2019 ਵਿੱਚ, ਕੁੱਲ 25,63,719 ਯਾਤਰੀਆਂ ਨੇ ਸਭ ਤੋਂ ਵੱਧ ਯਾਤਰੀਆਂ ਦਾ ਰਿਕਾਰਡ ਬਣਾਇਆ ਸੀ, ਪਰ ਇਹ ਰਿਕਾਰਡ 2023 ਵਿੱਚ 29,44,916 ਯਾਤਰੀਆਂ ਨਾਲ ਟੁੱਟ ਗਿਆ ਸੀ।