ਇਸ ਸਮੇਂ ਦੇਸ਼ ‘ਚ ਟਰੇਨਾਂ ਇਲੈਕਟ੍ਰਿਕ ਅਤੇ ਡੀਜ਼ਲ ਇੰਜਣਾਂ ‘ਤੇ ਚੱਲ ਰਹੀਆਂ ਹਨ, ਪਰ ਭਵਿੱਖ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। ਦਰਅਸਲ, ਇਲੈਕਟ੍ਰਿਕ ਇੰਜਣਾਂ ਦੀ ਬਜਾਏ ਹੁਣ ਹਾਈਡ੍ਰੋਜਨ ‘ਤੇ ਚੱਲਣ ਵਾਲੇ ਇੰਜਣ ਵਿਕਸਿਤ ਕਰਨ ਦਾ ਕੰਮ ਚੱਲ ਰਿਹਾ ਹੈ। ਜ਼ਿਕਰਯੋਗ ਸੰਸਦ ਦੇ ਬਜਟ ਸੈਸ਼ਨ ‘ਚ ਰੇਲ, ਸੰਚਾਰ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਲੋਕ ਸਭਾ ‘ਚ ਕਿਹਾ ਕਿ ਅਸੀਂ ਜਲਦ ਹੀ ਹਾਈਡ੍ਰੋਜਨ ਫਿਊਲ ਸੈੱਲਾਂ ਦੀ ਵਰਤੋਂ ਕਰਕੇ ਟਰੇਨਾਂ ਚਲਾਉਣ ‘ਚ ਸਫਲ ਹੋਵਾਂਗੇ।
ਇਸ ਦੇ ਨਾਲ ਉਹਨਾਂ ਕਿਹਾ ਕਿ ਅਸੀਂ ਇਸ ਨਵੀਨਤਾਕਾਰੀ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸੁਕ ਹਾਂ। ਫਿਲਹਾਲ ਇਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਲਿਆ ਜਾ ਰਿਹਾ ਹੈ। ਹਾਈਡ੍ਰੋਜਨ ਫਿਊਲ ਸੈੱਲ ਟੈਕਨਾਲੋਜੀ ਨਾਲ ਬਣੀ ਇਸ ਟਰੇਨ ਨੂੰ ਇੰਟੈਗਰਲ ਕੋਚ ਫੈਕਟਰੀ (ICF) ਚੇਨਈ ‘ਚ ਤਿਆਰ ਕੀਤਾ ਜਾਵੇਗਾ।
ਭਾਰਤੀ ਰੇਲਵੇ 2030 ਤੱਕ ਜ਼ੀਰੋ ਕਾਰਬਨ ਨਿਕਾਸੀ ਨੂੰ ਹਾਸਲ ਕਰਨ ਲਈ ਨਵੀਂ ਤਕਨੀਕ ‘ਤੇ ਕੰਮ ਕਰ ਰਹੀ ਹੈ। ਰੇਲ ਪੁਲਾਂ ਅਤੇ ਸਟਾਰ ਰੇਟਿੰਗ ਤੋਂ ਇਲਾਵਾ, ਰੇਲਵੇ ਰੇਲ ਗੱਡੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ‘ਤੇ ਵੀ ਕੰਮ ਕਰ ਰਿਹਾ ਹੈ ਤਾਂ ਜੋ ਰੇਲਗੱਡੀਆਂ ਸਮੇਂ ਸਿਰ ਚੱਲ ਸਕਣ, ਜਿਸ ਨਾਲ ਈਂਧਨ ਦੀ ਬਚਤ ਹੋ ਸਕੇ।
ਇਸ ਤੋਂ ਇਲਾਵਾ ਰੇਲ ਮੰਤਰੀ ਵੈਸ਼ਨਵ ਨੇ ਕਿਹਾ ਕਿ ਹਾਈਡ੍ਰੋਜਨ ਸੰਚਾਲਿਤ ਰੇਲ ਪ੍ਰੋਜੈਕਟ ਟਿਕਾਊ ਆਵਾਜਾਈ ਦੇ ਹੱਲ ਦੇ ਖੇਤਰ ਵਿੱਚ ਇੱਕ ਸ਼ਾਨਦਾਰ ਤਰੱਕੀ ਨੂੰ ਦਰਸਾਉਂਦਾ ਹੈ। ਇਹ ਪ੍ਰੋਜੈਕਟ ਸਰਕਾਰ ਦੇ ਹਰੀ ਊਰਜਾ ਟੀਚਿਆਂ ਨੂੰ ਪੂਰਾ ਕਰਨ ਲਈ ਅਤਿ-ਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਲਈ ਭਾਰਤੀ ਰੇਲਵੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।